Sonam Wangchuk Hunger Strike: ਸੋਨਮ ਵਾਂਗਚੁੱਕ ਨੇ ਜੰਤਰ-ਮੰਤਰ ’ਤੇ ਭੁੱਖ ਹੜਤਾਲ ਸ਼ੁਰੂ ਕੀਤੀ

Sonam Wangchuk Hunger Strike: ਸੋਨਮ ਵਾਂਗਚੁੱਕ ਨੇ ਜੰਤਰ-ਮੰਤਰ ’ਤੇ ਭੁੱਖ ਹੜਤਾਲ ਸ਼ੁਰੂ ਕੀਤੀ

ਨਵੀਂ ਦਿੱਲੀ : ਵਾਤਾਵਰਨ ਕਾਰਕੁਨ ਸੋਨਮ ਵਾਂਗਚੁੱਕ ਨੇ ਅੱਜ ਜੰਤਰ-ਮੰਤਰ ’ਤੇ ਭੁੱਖ ਹੜਤਾਲ ਸ਼ੁਰੂ ਕੀਤੀ, ਜਿੱਥੇ ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) 20 ਜੂਨ ਤੋਂ ਰੋਸ ਮੁਜ਼ਾਹਰਾ ਕਰ ਕੇ ਪ੍ਰਖਿਆਵਾਂ ’ਚ ਕਥਿਤ ਬੇਨਿਯਮੀਆਂ ਸਬੰਧੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ। ਵਾਂਗਚੁੱਕ ਦੇ ਭੁੱਖ ਹੜਤਾਲ ਸ਼ੁਰੂ ਕਰਨ ’ਤੇ ਜੰਤਰ-ਮੰਤਰ ’ਤੇ ਵੱਡੀ ਗਿਣਤੀ ਨੌਵਜਾਨਾਂ ਅਤੇ ਵਿਦਿਆਰਥੀਆਂ ਸਣੇ ਸੈਂਕੜੇ ਪ੍ਰਦਰਸ਼ਨਕਾਰੀ ਇਕੱਠਾ ਹੋਏ। ਇਸ ਮੌਕੇ ਕਈ ਕਿਸਾਨ ਨੇਤਾ ਵੀ ਮੌਜੂਦ ਸਨ।

ਮੁਜ਼ਹਾਰੇ ਦੀ ਸ਼ੁਰੂਆਤ ਦੋ ਮਿੰਟ ਦੇ ਮੌਨ ਨਾਲ ਕੀਤੀ ਗਈ। ਭੁੱਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਵਾਂਗਚੁੱਕ ਅਤੇ ਸੀ ਜੇ ਪੀ ਦੇ ਬਾਨੀ ਅਭਿਜੀਤ ਦੀਪਕੇ ਨੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੇ ਫ਼ੈਸਲੇ ਬਾਰੇ ਦੱਸਦਿਆਂ ਵਾਂਗਚੁਕ ਨੇ ਕਿਹਾ ਕਿ ਪਿਛਲੇ 40 ਸਾਲਾਂ ਤੋਂ ਸਿੱਖਿਆ ਉਨ੍ਹਾਂ ਦੇ ਦਿਲ ਦੇ ਬੇਹੱਦ ਕਰੀਬ ਰਹੀ ਹੈ ਅਤੇ ਜਦੋਂ ਨੌਜਵਾਨਾਂ ਨੇ ਸਿੱਖਿਆ ਪ੍ਰਣਾਲੀ ਲਈ ਚਿੰਤਾਵਾਂ ਜਤਾਈਆਂ ਤਾਂ ਉਹ ਚੁੱਪ ਨਹੀਂ ਰਹਿ ਸਕਦੇ ਸਨ। ਉਨ੍ਹਾਂ ਕਿਹਾ, ‘‘ਜਦੋਂ ਕੋਈ ਜਵਾਬਦੇਹੀ ਨਹੀਂ ਹੁੰਦੀ ਤਾਂ ਸਾਨੂੰ ਲੋਕਤੰਤਰ ਵਿੱਚ ਉਪਲਬਧ ਇੱਕੋ-ਇੱਕ ਰਾਹ, ਸ਼ਾਂਤੀਪੂਰਨ ਅੰਦੋਲਨ, ਅਪਣਾਉਣ ਲਈ ਮਜਬੂਰ ਹੋਣਾ ਪੈਂਦਾ ਹੈ ਅਤੇ ਅਸੀਂ ਉਹੀ ਕਰਾਂਗੇ।’’ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੂੰ ਇੱਕ ਸਮੂਹਿਕ ਭੁੱਖ ਹੜਤਾਲ ਬਣਾਉਣ ਅਤੇ ਘੱਟੋ-ਘੱਟ ਇੱਕ ਦਿਨ ਦਾ ਵਰਤ ਜ਼ਰੂਰ ਰੱਖਣ। ਦੀਪਕੇ ਨੇ ਪਹਿਲਾਂ ਵੀ ਕਿਸਾਨਾਂ, ਵਿਦਿਆਰਥੀਆਂ ਅਤੇ ਹੋਰ ਜਥੇਬੰਦੀਆਂ ਨੂੰ ਅੰਦੋਲਨ ’ਚ ਸ਼ਾਮਲ ਹੋਣ ਅਤੇ ਪ੍ਰੀਖਿਆ ਪ੍ਰਣਾਲੀ ’ਚ ਕਥਿਤ ਬੇਨਿਯਮੀਆਂ ਲਈ ਜਵਾਬਦੇਹੀ ਦੀ ਮੰਗ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਅੱਜ ਸਵੇਰੇ ਦੀਪਕੇ ਨੇ ਐਕਸ ’ਤੇ ਪੋਸਟ ਵਿੱਚ ਕਿਹਾ ਕਿ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਈ ਕਿਸਾਨ ਨੇਤਾਵਾਂ ਨੂੰ ਜੰਤਰ-ਮੰਤਰ ਪਹੁੰਚਣ ਤੋਂ ਰੋਕਣ ਲਈ ਨਜ਼ਰਬੰਦ ਕੀਤਾ ਜਾ ਰਿਹਾ ਹੈ।

Share: