ਚੰਡੀਗੜ੍ਹ : ਭਾਰਤ ਦੇ ਨੌਜਵਾਨ ਸ਼ਤਰੰਜ ਜਾਦੂਗਰ ਆਰ. ਪ੍ਰਗਨਾਨੰਦ ਨੇ ਆਪਣੀ ਅਣਥੱਕ ਮਿਹਨਤ ਸਦਕਾ ਵਿਸ਼ਵ ਸ਼ਤਰੰਜ ਦੇ ਨਕਸ਼ੇ ’ਤੇ ਭਾਰਤ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖ ਦਿੱਤਾ ਹੈ। ਜਿੱਥੇ ਅਜੋਕੇ ਦੌਰ ਵਿੱਚ ਨਿੱਕੀ-ਨਿੱਕੀ ਉਮਰ ਦੇ ਬੱਚੇ ਆਧੁਨਿਕ ਗੈਜੇਟਾਂ (ਮੋਬਾਈਲ ਅਤੇ ਵੀਡੀਓ ਗੇਮਾਂ) ਵਿੱਚ ਗ਼ਲਤਾਨ ਹੋ ਕੇ ਆਪਣੇ ਕੀਮਤੀ ਸਮੇਂ ਦੇ ਨਾਲ-ਨਾਲ ਸਿਹਤ ਨੂੰ ਵੀ ਬਰਬਾਦ ਕਰ ਰਹੇ ਹਨ, ਉੱਥੇ ਹੀ ਨਿੱਕੀ ਉਮਰ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੇ ਭਾਰਤ ਦੇ ਹੀਰੇ ਆਰ. ਪ੍ਰਗਨਾਨੰਦ ਨੇ ਕੁੱਝ ਅਜਿਹਾ ਕਰ ਦਿਖਾਇਆ ਹੈ ਜਿਸ ਦਾ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ।
ਹਾਲ ਹੀ ਵਿੱਚ 5 ਜੂਨ ਨੂੰ ਉਸ ਨੇ ਵੱਕਾਰੀ ‘ਨਾਰਵੇ ਸ਼ਤਰੰਜ’ ਮੁਕਾਬਲਾ ਜਿੱਤਣ ਵਾਲੇ ਪਹਿਲੇ ਭਾਰਤੀ ਹੋਣ ਦਾ ਮਾਣ ਹਾਸਿਲ ਕੀਤਾ ਹੈ। ਆਓ, ਸਿਰਫ਼ 10 ਸਾਲ ਦੀ ਉਮਰ ਤੋਂ ਹੀ ਆਪਣੀ ਖੇਡ ਨਾਲ ਪੂਰੀ ਦੁਨੀਆ ਨੂੰ ਹੈਰਾਨ ਕਰਨ ਵਾਲੇ ਆਰ. ਪ੍ਰਗਨਾਨੰਦ ਦੇ ਹੁਣ ਤੱਕ ਦੇ ਸਫ਼ਰ ਬਾਰੇ ਜਾਣੀਏ। ਪ੍ਰਗਨਾਨੰਦ ਦਾ ਜਨਮ 10 ਅਗਸਤ 2005 ਨੂੰ ਤਾਮਿਲਨਾਡੂ ਦੀ ਰਾਜਧਾਨੀ ਚੇਨੱਈ ਵਿੱਚ ਪਿਤਾ ਰਾਮੇਸ਼ਬਾਬੂ ਅਤੇ ਮਾਤਾ ਨਾਗਲਕਸ਼ਮੀ ਦੇ ਘਰ ਹੋਇਆ। ਉਸ ਨੂੰ ਸ਼ਤਰੰਜ ਦੀ ਗੁੜ੍ਹਤੀ ਘਰੋਂ ਹੀ ਮਿਲੀ। ਆਪਣੀ ਵੱਡੀ ਭੈਣ ਅਤੇ ਮੌਜੂਦਾ ਗਰੈਂਡਮਾਸਟਰ ਆਰ. ਵੈਸ਼ਾਲੀ ਨਾਲ ਘਰ ਵਿੱਚ ਸ਼ਤਰੰਜ ਖੇਡਦਿਆਂ ਅੱਜ ਉਸ ਨੇ ਸੰਸਾਰ ਦੇ ਵੱਡੇ-ਵੱਡੇ ਸ਼ਤਰੰਜ ਮਹਾਰਥੀਆਂ ਨੂੰ ਵਖਤ ਪਾ ਦਿੱਤਾ ਹੈ।
ਰਿਕਾਰਡ ਤੋੜ ਪ੍ਰਾਪਤੀਆਂ: ਇਸ ਵਿਲੱਖਣ ਪ੍ਰਤਿਭਾ ਵਾਲੇ ਖਿਡਾਰੀ ਨੇ ਸਿਰਫ਼ 10 ਸਾਲ ਦੀ ਉਮਰ ਵਿੱਚ ‘ਇੰਟਰਨੈਸ਼ਨਲ ਮਾਸਟਰ’ ਅਤੇ ਮਹਿਜ਼ 12 ਸਾਲ ਦੀ ਉਮਰੇ ‘ਗਰੈਂਡਮਾਸਟਰ’ ਬਣ ਕੇ ਖੇਡ ਜਗਤ ਨੂੰ ਹੈਰਾਨ ਕਰ ਦਿੱਤਾ ਸੀ। ਉਸ ਦੀ ਇਸ ਪ੍ਰਾਪਤੀ ਨੇ ਪੂਰੇ ਆਲਮ ਨੂੰ ਸੁਨੇਹਾ ਦੇ ਦਿੱਤਾ ਸੀ ਕਿ ਸ਼ਤਰੰਜ ਦਾ ਆਉਣ ਵਾਲਾ ਭਵਿੱਖ ਉਸ ਦੇ ਨਾਮ ਹੋਵੇਗਾ। ਆਓ, ਆਰ. ਪ੍ਰਗਨਾਨੰਦ ਦੀਆਂ ਮੁੱਖ ਪ੍ਰਾਪਤੀਆਂ ’ਤੇ ਇੱਕ ਨਜ਼ਰ ਮਾਰੀਏ:
2013: ਵਿਸ਼ਵ ਯੁਵਾ ਸ਼ਤਰੰਜ ਚੈਂਪੀਅਨਸ਼ਿਪ (ਅੰਡਰ-8) ਦਾ ਖ਼ਿਤਾਬ ਜਿੱਤਿਆ।
2015: ਵਿਸ਼ਵ ਯੁਵਾ ਸ਼ਤਰੰਜ ਚੈਂਪੀਅਨਸ਼ਿਪ (ਅੰਡਰ-10) ਵਿੱਚ ਸੋਨ ਤਗ਼ਮਾ ਹਾਸਿਲ ਕੀਤਾ।
2019: ਮਹਿਜ਼ 14 ਸਾਲ ਦੀ ਉਮਰ ਵਿੱਚ 2600 ਐਲੋ (Elo) ਰੇਟਿੰਗ ਅੰਕ ਪਾਰ ਕਰਨ ਵਾਲਾ ਉਹ ਦੁਨੀਆ ਦਾ ਦੂਜਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ।
ਸਾਲ 2022 ਪ੍ਰਗਨਾਨੰਦ ਦੇ ਕਰੀਅਰ ਦਾ ਸਭ ਤੋਂ ਯਾਦਗਾਰੀ ਸਾਲ ਰਿਹਾ ਜਦੋਂ ਉਸ ਨੇ ਸ਼ਤਰੰਜ ਦੇ ਵਿਸ਼ਵ ਨੰਬਰ ਇੱਕ ਖਿਡਾਰੀ ਮੈਗਨਸ ਕਾਰਲਸਨ ਨੂੰ ਮਾਤ ਦੇ ਕੇ ਖੇਡ ਜਗਤ ਵਿੱਚ ਤਹਿਲਕਾ ਮਚਾ ਦਿੱਤਾ। ਵਿਸ਼ਵ ਚੈਂਪੀਅਨ ਕਾਰਲਸਨ ਨੂੰ ਹਰਾਉਣ ਵਾਲਾ ਉਹ ਵਿਸ਼ਵਨਾਥਨ ਆਨੰਦ ਅਤੇ ਪੇਂਟਾਲਾ ਹਰਿਕ੍ਰਿਸ਼ਨਾ ਤੋਂ ਬਾਅਦ ਤੀਜਾ ਭਾਰਤੀ ਖਿਡਾਰੀ ਬਣਿਆ। ਸਾਲ 2022 ਵਿੱਚ ਹੀ ਉਸ ਨੇ ਇੱਕ ਆਨਲਾਈਨ ਰੈਪਿਡ ਟੂਰਨਾਮੈਂਟ ਦੌਰਾਨ ਇੱਕ ਵਾਰ ਫਿਰ ਮੈਗਨਸ ਕਾਰਲਸਨ ਨੂੰ ਚਿੱਤ ਕਰ ਕੇ ਸ਼ਤਰੰਜ ਜਗਤ ਵਿੱਚ ਆਪਣੀ ਧਾਕ ਜਮਾ ਦਿੱਤੀ।
ਇਸ ਤੋਂ ਬਾਅਦ, ਸਾਲ 2023 ਵਿੱਚ ਮਹਿਜ਼ 18 ਸਾਲ ਦੀ ਉਮਰੇ ਪ੍ਰਗਨਾਨੰਦ ਸ਼ਤਰੰਜ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ। ਮਹਾਨ ਖਿਡਾਰੀ ਵਿਸ਼ਵਨਾਥਨ ਆਨੰਦ ਤੋਂ ਬਾਅਦ ਵਿਸ਼ਵ ਕੱਪ ਦਾ ਫਾਈਨਲ ਖੇਡਣ ਵਾਲਾ ਉਹ ਦੂਜਾ ਭਾਰਤੀ ਸੀ। ਫਾਈਨਲ ਮੁਕਾਬਲੇ ਵਿੱਚ ਉਸ ਨੇ ਤਤਕਾਲੀ ਚੈਂਪੀਅਨ ਕਾਰਲਸਨ ਵਿਰੁੱਧ ਬਹੁਤ ਸ਼ਾਨਦਾਰ ਖੇਡ ਦਿਖਾਈ ਪਰ ਰੈਪਿਡ ਟਾਈਬਰੇਕਰ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਇਸ ਵਿਸ਼ਵ ਕੱਪ ਵਿੱਚ ਉਪ-ਜੇਤੂ ਰਿਹਾ।
ਜਦੋਂ ਸਾਲ 2022 ਵਿੱਚ ਇਹ ਨਿੱਕਾ ਚੈਂਪੀਅਨ ਦੇਸ਼ ਦਾ ਵੱਕਾਰੀ ‘ਅਰਜੁਨ ਪੁਰਸਕਾਰ’ ਲੈਣ ਲਈ ਰਾਸ਼ਟਰਪਤੀ ਭਵਨ ਪਹੁੰਚਿਆ ਤਾਂ ਉਸ ਦੀ ਪ੍ਰਤਿਭਾ ਦੇਖ ਕੇ ਸਮੁੱਚਾ ਖੇਡ ਜਗਤ ਅਤੇ ਖੇਡ ਦਿੱਗਜ ਖ਼ੁਸ਼ੀ ਤੇ ਮਾਣ ਨਾਲ ਨਿਹਾਲ ਹੋ ਉੱਠੇ ਸਨ। ਸਮੇਂ ਦੇ ਨਾਲ-ਨਾਲ ਪ੍ਰਗਨਾਨੰਦ ਨੇ ਆਪਣੀ ਬਿਹਤਰੀਨ ਖੇਡ ਸਦਕਾ ਸ਼ਤਰੰਜ ਦੀ ਦੁਨੀਆ ਨੂੰ ਲਗਾਤਾਰ ਚਕਾਚੌਂਧ ਕਰੀ ਰੱਖਿਆ।
‘ਨਾਰਵੇ ਸ਼ਤਰੰਜ’ ਵਿੱਚ ਇਤਿਹਾਸਕ ਜਿੱਤ: ਇਸੇ ਸਫਲਤਾ ਦੇ ਸਿਲਸਿਲੇ ਨੂੰ ਅੱਗੇ ਵਧਾਉਂਦਿਆਂ, ਹਾਲ ਹੀ ਵਿੱਚ 25 ਮਈ ਤੋਂ 5 ਜੂਨ ਤੱਕ ਨਾਰਵੇ ਦੇ ਸਟਾਵੈਂਗਰ (ਓਸਲੋ) ਵਿਖੇ ਹੋਏ ਵਿਸ਼ਵ ਪ੍ਰਸਿੱਧ ਟੂਰਨਾਮੈਂਟ ‘ਨਾਰਵੇ ਸ਼ਤਰੰਜ’ ਵਿੱਚ ਸਾਡੇ ਇਸ ਚੈਂਪੀਅਨ ਨੇ ਖ਼ਿਤਾਬ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਪ੍ਰਗਨਾਨੰਦ ਨੇ ਦੁਨੀਆ ਦੇ ਨੰਬਰ ਇੱਕ ਖਿਡਾਰੀ ਮੈਗਨਸ ਕਾਰਲਸਨ ਨੂੰ ਉਸ ਦੇ ਆਪਣੇ ਹੀ ਦੇਸ਼ ਵਿੱਚ ਇਸ ਟੂਰਨਾਮੈਂਟ ਦੌਰਾਨ ਦੋ ਵਾਰ ਸ਼ਿਕਸਤ ਦਿੱਤੀ ਤੇ ਇਸ ਵੱਕਾਰੀ ਟੂਰਨਾਮੈਂਟ ਨੂੰ ਜਿੱਤਣ ਵਾਲਾ ਉਹ ਭਾਰਤ ਦਾ ਸਭ ਤੋਂ ਪਹਿਲਾ ਖਿਡਾਰੀ ਬਣ ਗਿਆ ਹੈ। ਟੂਰਨਾਮੈਂਟ ਦੇ ਆਖ਼ਰੀ ਅਤੇ ਨਿਰਣਾਇਕ ਦੌਰ ਵਿੱਚ ਇਸ ਸਟਾਰ ਖਿਡਾਰੀ ਨੇ ਜਰਮਨੀ ਦੇ ਵਿਨਸੈਂਟ ਕੀਮਰ ਨੂੰ ਕਰਾਰੀ ਹਾਰ ਦੇ ਕੇ ਇਸ ਵੱਕਾਰੀ ਖ਼ਿਤਾਬ ’ਤੇ ਕਬਜ਼ਾ ਕੀਤਾ। ਆਰ. ਪ੍ਰਗਨਾਨੰਦ ਦੀ ਇਹ ਸਫਲਤਾ ਅੱਜ ਦੇ ਨੌਜਵਾਨਾਂ ਅਤੇ ਬੱਚਿਆਂ ਲਈ ਇੱਕ ਵੱਡੀ ਪ੍ਰੇਰਨਾ ਹੈ ਕਿ ਜੇਕਰ ਇਰਾਦਾ ਪੱਕਾ ਅਤੇ ਸਹੀ ਦਿਸ਼ਾ ਹੋਵੇ ਤਾਂ ਨਿੱਕੀ ਉਮਰ ਵਿੱਚ ਵੀ ਆਸਮਾਨ ਛੂਹਿਆ ਜਾ ਸਕਦਾ ਹੈ। ਮਹਿਜ਼ 20 ਸਾਲ ਦੀ ਉਮਰ ਵਿੱਚ ਵਿਸ਼ਵ ਪੱਧਰ ’ਤੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਇਸ ਸ਼ਾਨਦਾਰ ਖਿਡਾਰੀ ਤੋਂ ਭਾਰਤੀ ਖੇਡ ਪ੍ਰੇਮੀਆਂ ਨੂੰ ਭਵਿੱਖ ਵਿੱਚ ਹੋਰ ਵੀ ਬਹੁਤ ਉਮੀਦਾਂ ਹਨ।

