ਰਾਂਚੀ : ਝਾਰਖੰਡ ’ਚ ਰਾਜ ਸਭਾ ਦੀਆਂ ਦੋ ਸੀਟਾਂ ’ਚੋਂ ਇਕ ’ਤੇ ਕ੍ਰਾਸ ਵੋਟਿੰਗ ਦਰਮਿਆਨ ਐੱਨ ਡੀ ਏ ਸਮਰਥਿਤ ਆਜ਼ਾਦ ਉਮੀਦਵਾਰ ਪਰੀਮਲ ਨਾਥਵਾਨੀ ਚੋਣ ਜਿੱਤ ਗਿਆ। ਉਸ ਨੇ ਕਾਂਗਰਸ ਦੇ ਪ੍ਰਣਵ ਝਾਅ ਨੂੰ ਹਰਾਇਆ। ਦੂਜੀ ਸੀਟ ਹੁਕਮਰਾਨ ਧਿਰ ਝਾਰਖੰਡ ਮੁਕਤੀ ਮੋਰਚਾ (ਜੇ ਐੱਮ ਐੱਮ) ਦੇ ਬੈਦਿਆਨਾਥ ਰਾਮ ਨੇ ਜਿੱਤੀ। ਅਧਿਕਾਰੀ ਨੇ ਕਿਹਾ ਕਿ ਨਾਥਵਾਨੀ ਨੂੰ 28 ਜਦਕਿ ਝਾਅ ਨੂੰ 20 ਵੋਟਾਂ ਮਿਲੀਆਂ। ਜੇ ਐੱਮ ਐੱਮ ਦੇ ਰਾਮ ਨੂੰ 30 ਵੋਟਾਂ ਮਿਲੀਆਂ ਜਦਕਿ ਭਾਜਪਾ ਦੀਆਂ ਦੋ ਅਤੇ ਕਾਂਗਰਸ ਦੀ ਇਕ ਵੋਟ ਰੱਦ ਕਰ ਦਿੱਤੀ ਗਈ।
ਨਾਥਵਾਨੀ ਦੀ ਜਿੱਤ ਮਗਰੋਂ ਕਾਂਗਰਸ ਨੇ ਭਗਵਾ ਪਾਰਟੀ ’ਤੇ ਹਮਲਾ ਕਰਦਿਆਂ ਕਿਹਾ ਕਿ ਉਸ ਨੇ ਝਾਰਖੰਡ ’ਚ ਵਿਧਾਇਕਾਂ ਦੀ ਕਥਿਤ ਤੌਰ ’ਤੇ ਖ਼ਰੀਦੋ-ਫ਼ਰੋਖ਼ਤ ਕੀਤੀ ਹੈ। ਕਾਂਗਰਸ ਦੀ ਮੰਤਰੀ ਦੀਪਿਕਾ ਪਾਂਡੇ ਸਿੰਘ ਨੇ ਕਿਹਾ ਕਿ ਭਾਜਪਾ ਨੇ ਕਾਰੋਬਾਰੀ ਨੂੰ ਆਜ਼ਾਦ ਉਮੀਦਵਾਰ ਵਜੋਂ ਮੈਦਾਨ ’ਚ ਉਤਾਰਿਆ ਜਿਸ ਨੇ ਪੈਸੇ ਦੇ ਜ਼ੋਰ ’ਤੇ ਚੋਣ ਜਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਿਧਾਇਕ ਇਕਜੁੱਟ ਰਹੇ ਅਤੇ ਉਹ ਸਾਰੇ ਪਾਰਟੀ ਉਮੀਦਵਾਰ ਦੇ ਹੱਕ ’ਚ ਭੁਗਤੇ ਹਨ। ਕਾਂਗਰਸ ਦੇ ਝਾਰਖੰਡ ਮਾਮਲਿਆਂ ਦੇ ਇੰਚਾਰਜ ਕੇ ਰਾਜੂ ਨੇ ਪਾਰਟੀ ਉਮੀਦਵਾਰ ਦੀ ਹਾਰ ਲਈ ਆਰ ਜੇ ਡੀ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਵਿਧਾਇਕਾਂ ਨੂੰ ਜ਼ਿੰਮੇਵਾਰ ਠਹਿਰਾਇਆ। ਰਾਜ ਸਭਾ ਚੋਣ ਨਤੀਜਿਆਂ ਦਾ ਅਸਰ ਗੱਠਜੋੜ ’ਤੇ ਪੈਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਮੁੱਖ ਮੰਤਰੀ ਹੇਮੰਤ ਸੋਰੇਨ ਨਾਲ ਵਿਚਾਰ ਵਟਾਂਦਰਾ ਕਰਨਗੇ। ਝਾਰਖੰਡ ਭਾਜਪਾ ਪ੍ਰਧਾਨ ਆਦਿੱਤਿਆ ਸਾਹੂ ਨੇ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ ਦੇ ਲੱਗੇ ਦੋਸ਼ ਨਕਾਰਦਿਆਂ ਕਿਹਾ ਕਿ ਵਿਧਾਇਕਾਂ ਨੇ ਜ਼ਮੀਰ ਦੀ ਆਵਾਜ਼ ਸੁਣ ਕੇ ਵੋਟਾਂ ਪਾਈਆਂ ਹਨ।

