ਚੰਡੀਗਡ਼੍ਹ : ਕਾਂਗਰਸ ਹਾਈਕਮਾਂਡ ਵੱਲੋਂ ਨਿਯੁਕਤ ਤਿੰਨ ਸੀਨੀਅਰ ਕੌਮੀ ਨਿਗਰਾਨਾਂ ਨੇ ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਚੋਣ ਰਣਨੀਤੀ ਮੁਤੱਲਕ ਤਿੰਨ ਦਿਨਾ ਮੰਥਨ ਦੇ ਪਹਿਲੇ ਦਿਨ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਦੀ ਨਬਜ਼ ਟੋਹੀ। ਤਿੰਨ ਮੈਂਬਰੀ ਟੀਮ ਨੇ ਕਾਂਗਰਸ ਦੇ ਸੰਸਦ ਮੈਂਬਰਾਂ, ਵਿਧਾਇਕਾਂ ਤੋਂ ਇਲਾਵਾ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਨਾਲ ਅੱਜ ਦਿੱਲੀ ਦੇ ਇੰਦਰਾ ਭਵਨ ’ਚ ਮੀਟਿੰਗ ਦੌਰਾਨ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਬਾਰੇ ਫੀਡ ਬੈਕ ਲਈ।
ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ’ਚ ਫੇਰਬਦਲ ਬਾਰੇ ਲੰਮੇ ਸਮੇਂ ਤੋਂ ਕਿਆਸ ਚੱਲ ਰਹੇ ਹਨ ਪਰ ਹਾਈਕਮਾਂਡ ਲੀਡਰਸ਼ਿਪ ’ਚ ਕਿਸੇ ਵੀ ਤਰ੍ਹਾਂ ਦੀ ਸੰਭਾਵੀ ਤਬਦੀਲੀ ਤੋਂ ਦੋ ਵਾਰ ਇਨਕਾਰ ਕਰ ਚੁੱਕੀ ਹੈ। ਅੱਜ ਜਦੋਂ ਤਿੰਨ ਮੈਂਬਰੀ ਟੀਮ ਦੇ ਮੈਂਬਰਾਂ ਨੇ ਇਕੱਲੇ-ਇਕੱਲੇ ਕਾਂਗਰਸੀ ਆਗੂਆਂ ਨਾਲ ਵਾਰਤਾ ਕੀਤੀ ਤਾਂ ਇਸ ਮੌਕੇ ਸਵਾਲ ਉੱਭਰਿਆ ਕਿ ਪੰਜਾਬ ਕਾਂਗਰਸ ਨੂੰ ਕੌਣ ਅਗਵਾਈ ਦੇ ਸਕਦਾ ਹੈ? ਕਈ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਕਿਹਾ ਕਿ ਅਗਵਾਈ ਕਰਨ ਵਾਲਾ ਦਾਗ਼ੀ ਨਾ ਹੋਵੇ ਜਿਸ ਨੂੰ ਕੋਈ ਸੰਘੀ ਏਜੰਸੀ ਆਪਣਾ ਸੌਖੇ ਹੀ ਸ਼ਿਕਾਰ ਨਾ ਬਣਾ ਸਕੇ। ਪੰਜਾਬ ਕਾਂਗਰਸ ਦੀ ਜਥੇਬੰਦਕ ਮਜ਼ਬੂਤੀ ਬਾਰੇ ਵੀ ਰਾਇ ਲਈ ਗਈ। ਮੀਟਿੰਗ ਮਗਰੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਇਹੋ ਮਸ਼ਵਰਾ ਦਿੱਤਾ ਹੈ ਕਿ ਹਾਈਕਮਾਂਡ ਨੇ ਜੋ ਵੀ ਫ਼ੈਸਲਾ ਕਰਨਾ ਹੈ, ਉਹ ਜਲਦੀ ਕੀਤਾ ਜਾਵੇ ਕਿਉਂਕਿ ਪੰਜਾਬ ਚੋਣਾਂ ’ਚ ਥੋੜ੍ਹਾ ਸਮਾਂ ਬਚਿਆ ਹੈ ਅਤੇ ਚੋਣਾਂ ਨਵੰਬਰ-ਦਸੰਬਰ ’ਚ ਵੀ ਹੋ ਸਕਦੀਆਂ ਹਨ। ਕਾਂਗਰਸ ਨੂੰ ਇਕੱਠੀ ਹੋ ਕੇ ਚੱਲਣਾ ਚਾਹੀਦਾ ਹੈ। ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਚੰਨੀ ਨੇ ਕਿਹਾ ਕਿ ਕਾਂਗਰਸ ਤਿਆਰੀ ’ਚ ਜੁਟ ਗਈ ਹੈ ਅਤੇ ਸਮੀਖਿਆ ਕਰ ਕੇ ਜਲਦੀ ਕੋਈ ਨਾ ਕੋਈ ਫ਼ੈਸਲਾ ਲਵੇਗੀ।ਤਿੰਨ ਕਾਂਗਰਸੀ ਨਿਗਰਾਨਾਂ ਅਜੈ ਮਾਕਨ, ਮੀਨਾਕਸ਼ੀ ਨਟਰਾਜਨ ਅਤੇ ਭਜਨ ਲਾਲ ਜਾਟਵ ਨੇ ਇਹ ਤਿੰਨ ਰੋਜ਼ਾ ਕਵਾਇਦ ਅੱਜ ਤੋਂ ਸ਼ੁਰੂ ਕੀਤੀ ਹੈ, ਜਿਸ ਤਹਿਤ ਆਉਂਦੇ ਦੋ ਦਿਨਾਂ ਦੌਰਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਸਾਬਕਾ ਵਜ਼ੀਰਾਂ ਤੋਂ ਵੀ ਫੀਡ ਬੈਕ ਲਈ ਜਾਣੀ ਹੈ। ਤਿੰਨ ਮੈਂਬਰੀ ਟੀਮ ਵੱਲੋਂ ਸਮੁੱਚੀ ਵਿਸਥਾਰਤ ਰਿਪੋਰਟ ਹਾਈਕਮਾਂਡ ਨੂੰ ਦਿੱਤੀ ਜਾਵੇਗੀ ਜਿਸ ਦੇ ਆਧਾਰ ’ਤੇ ਇਸ ਮਹੀਨੇ ’ਚ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ। ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਕੌਮੀ ਨਿਗਰਾਨਾਂ ਨੇ ਪੰਜਾਬ ਦੇ ਸਿਆਸੀ ਧਰਾਤਲ ਬਾਰੇ ਫੀਡ ਬੈਕ ਲਈ ਹੈ ਅਤੇ ਜਾਣਿਆ ਹੈ ਕਿ ਕੌਣ-ਕੌਣ ਪਾਰਟੀ ਕਿੰਨੇ ਕੁ ਪਾਣੀ ’ਚ ਹੈ। ਲੀਡਰਸ਼ਿਪ ’ਚ ਫੇਰਬਦਲ ਬਾਰੇ ਉਨ੍ਹਾਂ ਕਿਹਾ ਕਿ ਚਰਚਾ ਤਾਂ ਸਾਰੀਆਂ ਗੱਲਾਂ ’ਤੇ ਹੁੰਦੀ ਹੈ।

