ਸਿਡਨੀ : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਚੱਕਵਾਲ ਸ਼ਹਿਰ ਵਿੱਚ ਪੁਲੀਸ ਦੀ ਗਲਤਫਹਿਮੀ ਕਾਰਨ ਇੱਕ ਮਾਸੂਮ ਦੀ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ । ਆਸਟਰੇਲੀਆ ਦੇ ਪਰਥ ਦੀ 9 ਸਾਲਾ ਹਨੀਆ ਅਹਿਮਦ ਆਪਣੇ ਪਰਿਵਾਰ ਨਾਲ ਰਿਸ਼ਤੇਦਾਰਾਂ ਨੂੰ ਪਾਕਿਸਤਾਨ ਮਿਲਣ ਗਈ ਹੋਈ ਸੀ, ਜਦੋਂ ਇੱਕ ਲੁੱਟਖੋਹ ਦੀ ਘਟਨਾ ਦੌਰਾਨ ਪੁਲੀਸ ਨੇ ਗਲਤਫਹਿਮੀ ਵਿੱਚ ਉਸ ਦੇ ਪਰਿਵਾਰ ਦੀ ਗੱਡੀ ’ਤੇ ਗੋਲੀਆਂ ਚਲਾ ਦਿੱਤੀਆਂ। ਰਿਪੋਰਟਾਂ ਮੁਤਾਬਕ ਪੁਲੀਸ ਨੇ ਪਰਿਵਾਰ ਦੀ ਕਿਰਾਏ ਦੀ ਕਾਰ ਨੂੰ ਲੁਟੇਰਿਆਂ ਦੀ ਗੱਡੀ ਸਮਝ ਲਿਆ ਅਤੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਹਾਨੀਆ ਅਹਿਮਦ ਦੀ ਮੌਤ ਹੋ ਗਈ, ਜਦੋਂ ਕਿ ਉਸ ਦਾ ਪਿਤਾ ਅਤੇ ਭਰਾ ਗੰਭੀਰ ਜ਼ਖ਼ਮੀ ਹੋਏ ਹਨ।
ਇਸ ਦਰਦਨਾਕ ਹਾਦਸੇ ਤੋਂ ਬਾਅਦ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਨਥਨੀ ਐਲਬਨੀਜ ਨੇ ਪਾਕਿਸਤਾਨ ਸਰਕਾਰ ਤੋਂ ਪਾਰਦਰਸ਼ੀ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪੁਲੀਸ ਨੇ ਮਾਮਲੇ ਵਿੱਚ ਸ਼ਾਮਲ ਅਧਿਕਾਰੀ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਉੱਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਰਹੀ ਹੈ।

