ਬਰਾਤਿਸਲਾਵਾ : ਸਲੋਵਾਕੀਆ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂ ਐੱਨ ਐੱਸ ਸੀ) ’ਚ ਸੁਧਾਰ ਕੀਤੇ ਜਾਣ ਅਤੇ ਇਸ ’ਚ ਭਾਰਤ ਦੀ ਸਥਾਈ ਨੁਮਾਇੰਦਗੀ ਦੀ ਦਾਅਵੇਦਾਰੀ ਦੀ ਹਮਾਇਤ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫਿਕੋ ਦਰਮਿਆਨ ਬੀਤੇ ਦਿਨ ਹੋਈ ਵਾਰਤਾ ਤੋਂ ਬਾਅਦ ਜਾਰੀ ਸਾਂਝੇ ਬਿਆਨ ’ਚ ਦੋਵਾਂ ਦੇਸ਼ਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਸਮੇਤ ਕੌਮਾਂਤਰੀ ਸੰਸਥਾਵਾਂ ’ਚ ਵੱਡੇ ਪੱਧਰ ’ਤੇ ਸੁਧਾਰ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਉਹ ਵਧੇਰੇ ਨੁਮਾਇੰਦਗੀ ਦੇਣ ਵਾਲੀ, ਇਕਸਾਰ ਅਤੇ ਮੌਜੂਦਾ ਭੂ-ਰਾਜਨੀਤਕ ਸਥਿਤੀਆਂ ਅਨੁਸਾਰ ਬਣ ਸਕੇ।
ਦੋਵਾਂ ਆਗੂਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦਾ ਵਿਸਤਾਰ ਸਥਾਈ ਅਤੇ ਆਰਜ਼ੀ ਦੋਵਾਂ ਸ਼੍ਰੇਣੀਆਂ ਵਿੱਚ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਸਾਂਝੇ ਬਿਆਨ ਅਨੁਸਾਰ, ‘‘ਇਸ ਸੰਦਰਭ ਵਿੱਚ ਭਾਰਤ ਨੇ ਸੁਰੱਖਿਆ ਕੌਂਸਲ ’ਚ ਸੁਧਾਰ ਤੇ ਵਿਸਤਾਰ ਅਤੇ ਭਾਰਤ ਨੂੰ ਸਥਾਈ ਮੈਂਬਰ ਬਣਾਉਣ ਸਬੰਧੀ ਸਲੋਵਾਕੀਆ ਦੀ ਲਗਾਤਾਰ ਹਮਾਇਤ ਲਈ ਧੰਨਵਾਦ ਕੀਤਾ।’’ ਪ੍ਰਧਾਨ ਮੰਤਰੀ ਮੋਦੀ ਅਤੇ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਫਿਕੋ ਨੇ ਸੰਯੁਕਤ ਰਾਸ਼ਟਰ ਨੂੰ ਕੇਂਦਰ ’ਚ ਰੱਖਦਿਆਂ ਬਹੁ-ਧਿਰਵਾਦ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਅਤੇ ਸੰਯੁਕਤ ਰਾਸ਼ਟਰ ਸਣੇ ਵੱਖ ਵੱਖ ਆਲਮੀ ਮੰਚਾਂ ’ਤੇ ਆਪਸੀ ਤਾਲਮੇਲ ਨਾਲ ਕੰਮ ਕਰਨ ’ਤੇ ਸਹਿਮਤੀ ਜ਼ਾਹਿਰ ਕੀਤੀ। ਭਾਰਤ ਲੰਮੇ ਸਮੇਂ ਤੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਸਥਾਈ ਮੈਂਬਰਸ਼ਿਪ ਦੀ ਮੰਗ ਕਰਦਾ ਰਿਹਾ ਹੈ। ਭਾਰਤ ਦਾ ਤਰਕ ਹੈ ਕਿ ਮੌਜੂਦਾ ਸਮੇਂ 15 ਮੈਂਬਰੀ ਸੁਰੱਖਿਆ ਕੌਂਸਲ ਦਾ ਢਾਂਚਾ ਪੁਰਾਣਾ ਹੋ ਚੁੱਕਾ ਹੈ ਅਤੇ ਇਹ ਮੌਜੂਦਾ ਆਲਮੀ ਹਾਲਾਤ ਅਤੇ ਬਦਲਦੀਆਂ ਕੌਮਾਂਤਰੀ ਸੱਚਾਈਆਂ ਦੀ ਢੁੱਕਵੀਂ ਨੁਮਾਇੰਦਗੀ ਨਹੀਂ ਕਰਦਾ। ਸੁਰੱਖਿਆ ਕੌਂਸਲ ’ਚ ਸਥਾਈ ਮੈਂਬਰ ਬਣਨ ਦੀ ਭਾਰਤ ਦੀ ਮੰਗ ਨੂੰ ਕਈ ਮੁਲਕਾਂ ਤੋਂ ਹਮਾਇਤ ਮਿਲ ਰਹੀ ਹੈ।

