ਪਠਾਨਕੋਟ : ਪੰਜਾਬ ਪੁਲੀਸ ਦੇ ਲਾਪਤਾ ਹੋਏ ਕਾਂਸਟੇਬਲ ਯੁਵਰਾਜ ਦੀ ਲਾਸ਼ ਅੱਜ ਪੰਜਵੇਂ ਦਿਨ ਮਿਲ ਗਈ ਹੈ। ਉਸ ਦੀ ਲਾਸ਼ ਪਿੰਡ ਮਾਜਰਾ ਦੇ ਕੋਲ ਨਹਿਰ ਵਿੱਚੋਂ ਮਿਲੀ ਜਿਸ ਤੋਂ ਬਾਅਦ ਯੁਵਰਾਜ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਪਠਾਨਕੋਟ ਦੇ ਬਾਹਰ ਦੇਰ ਸ਼ਾਮ ਨੂੰ ਪੁਲੀਸ ਖ਼ਿਲਾਫ਼ ਧਰਨਾ ਲਗਾ ਦਿੱਤਾ। ਧਰਨੇ ਦੀ ਸੂਚਨਾ ਮਿਲਦੇ ਸਾਰ ਹੀ ਪੁਲੀਸ ਵੀ ਮੌਕੇ ਉੱਪਰ ਪੁੱਜ ਗਈ ਅਤੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਵਿੱਚ ਜੁੱਟ ਗਈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਯੁਵਰਾਜ ਵਾਸੀ ਇੰਦਰਾ ਕਲੋਨੀ ਪਠਾਨਕੋਟ ਆਪਣੇ ਘਰ ਤੋਂ ਨਿਕਲਿਆ ਸੀ ਅਤੇ ਦੋ ਦਿਨ ਬਾਅਦ ਸ਼ਨਿਚਰਵਾਰ ਨੂੰ ਉਸ ਦੀ ਥਾਰ ਗੱਡੀ ਧੀਰਾ ਖੇਤਰ ਵਿੱਚ ਨਹਿਰ ਕੰਢਿਓਂ ਮਿਲੀ ਸੀ। ਉਸ ਵੇਲੇ ਤੋਂ ਹੀ ਐੱਨ ਡੀ ਆਰ ਐੱਫ ਦੇ ਗੋਤਾਖੋਰ ਅਤੇ ਪੰਜਾਬ ਪੁਲੀਸ ਦੇ ਜਵਾਨ ਯੁਵਰਾਜ ਦੀ ਭਾਲ ਵਿੱਚ ਲੱਗੇ ਹੋਏ ਸਨ।
ਅੱਜ ਸ਼ਾਮ ਨੂੰ ਮੀਂਹ ਵਿੱਚ ਹੀ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਮ੍ਰਿਤਕ ਕਾਂਸਟੇਬਲ ਯੁਵਰਾਜ ਦੀ ਮਾਂ ਪੂਜਾ ਅਤੇ ਹੋਰ ਮੈਂਬਰਾਂ ਨੇ ਦੋਸ਼ ਲਾਇਆ ਕਿ ਪੁਲੀਸ ਨੇ ਆਤਮਹੱਤਿਆ ਤਹਿਤ ਕਾਰਵਾਈ ਕੀਤੀ ਹੈ ਜਦਕਿ ਉਨ੍ਹਾਂ ਨੂੰ ਹੱਤਿਆ ਕਰਨ ਦਾ ਸ਼ੱਕ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਯੁਵਰਾਜ ਦੀ ਪ੍ਰੇਮਿਕਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁਲੀਸ ਪੁੱਛਗਿੱਛ ਕਰੇ ਤਾਂ ਹੀ ਉਨ੍ਹਾਂ ਦੇ ਪੁੱਤਰ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਜਦ ਤੱਕ ਪੁਲੀਸ ਲੜਕੀ ਅਤੇ ਉਸ ਦੇ ਪਰਿਵਾਰ ਤੇ ਕੋਈ ਕਾਰਵਾਈ ਨਹੀਂ ਕਰਦੀ, ਉਦੋਂ ਤੱਕਤੱਕ ਉਹ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਖ਼ਬਰ ਲਿਖਣ ਵੇਲੇ ਤੱਕ ਧਰਨਾ ਖਤਮ ਹੋਣ ਦੀ ਸੰਭਾਵਨਾ ਸੀ ਕਿਉਂਕਿ ਥਾਣਾ ਮੁਖੀ ਅਮਨਪ੍ਰੀਤ ਨੇ ਧਰਨਾਕਾਰੀਆਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਸੀ। ਲਾਸ਼ ਦਾ ਪੋਸਟਮਾਰਟਮ ਭਲਕੇ ਹੋਵੇਗਾ। ਕਾਬਿਲਗ਼ੌਰ ਹੈ ਕਿ ਯੁਵਰਾਜ ਦੇ ਪਿਤਾ ਵੀ ਪੰਜਾਬ ਪੁਲੀਸ ਵਿੱਚ ਡਰਾਈਵਰ ਸਨ ਅਤੇ ਉਨ੍ਹਾਂ ਦੀ ਮੌਤ ਚਾਰ ਸਾਲ ਪਹਿਲਾਂ ਡਿਊਟੀ ਦੌਰਾਨ ਹੋ ਗਈ ਸੀ ਜਿਸ ਕਾਰਨ ਯੁਵਰਾਜ ਨੂੰ ਦੋ ਸਾਲ ਪਹਿਲਾਂ ਸਾਲ 2024 ਵਿੱਚ ਤਰਸ ਦੇ ਆਧਾਰ ’ਤੇ ਪੁਲੀਸ ਵਿੱਚ ਨੌਕਰੀ ਮਿਲੀ ਸੀ। ਉਹ ਗੁਰਦਾਸਪੁਰ ਵਿੱਚ ਡਿਊਟੀ ’ਤੇ ਤਾਇਨਾਤ ਸੀ ਅਤੇ ਅੱਜ ਕੱਲ੍ਹ ਕਪੂਰਥਲਾ ਵਿੱਚ ਟਰੇਨਿੰਗ ’ਤੇ ਗਿਆ ਹੋਇਆ ਸੀ ਪਰ ਉਥੋਂ ਉਹ ਪਿਛਲੇ 10 ਦਿਨਾਂ ਤੋਂ ਗ਼ੈਰ-ਹਾਜ਼ਰ ਚੱਲ ਰਿਹਾ ਸੀ।

