ਕੈਲੀਫੋਰਨੀਆ : ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਸਥਿਤ ‘ਐਡਵਰਡ ਏਅਰ ਫੋਰਸ ਬੇਸ’ ‘ਤੇ ਵਾਪਰੇ ਇੱਕ ਭਿਆਨਕ ਹਵਾਈ ਹਾਦਸੇ ਵਿੱਚ ਅਮਰੀਕੀ ਹਵਾਈ ਫ਼ੌਜ ਦੇ ਰਣਨੀਤਕ ਬੰਬਾਰ ਜਹਾਜ਼ ‘ਬੀ-52’ (B-52 Stratofortress) ਦੇ ਪਰਖੱਚੇ ਉੱਡ ਗਏ ਹਨ। ਮਿਲਟਰੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਦੁਪਹਿਰ ਕਰੀਬ 11:20 ਵਜੇ ਰੂਟੀਨ ਟੈਸਟ ਮਿਸ਼ਨ ਦੌਰਾਨ ਉਡਾਣ ਭਰਨ ਤੋਂ ਤੁਰੰਤ ਬਾਅਦ ਇਹ ਜਹਾਜ਼ ਮੋਜੇਵੇ ਮਾਰੂਥਲ ਵਿੱਚ ਹਾਦਸਾਗ੍ਰਸਤ ਹੋ ਕੇ ਅੱਗ ਦੀਆਂ ਲਾਟਾਂ ਵਿੱਚ ਘਿਰ ਗਿਆ, ਜਿਸ ਕਾਰਨ ਜਹਾਜ਼ ਵਿੱਚ ਸਵਾਰ ਸਾਰੇ 8 ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਫ਼ੌਜੀ ਜਵਾਨਾਂ ਦੇ ਨਾਲ-ਨਾਲ ਸਰਕਾਰੀ ਕੰਟਰੈਕਟਰ (ਤਕਨੀਕੀ ਮਾਹਰ) ਵੀ ਸ਼ਾਮਲ ਸਨ। ਹਵਾਈ ਅੱਡੇ ਦੇ ਡਿਪਟੀ ਕਮਾਂਡਰ ਕਰਨਲ ਜੇਮਸ ਹੇਜ਼ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਬੇਹੱਦ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ, “ ਅਸੀਂ ਅੱਠ ਮਹਾਨ ਅਮਰੀਕੀਆਂ ਨੂੰ ਖੋਹ ਦਿੱਤਾ ਹੈ।” ਉਨ੍ਹਾਂ ਦੱਸਿਆ ਕਿ ਹਾਦਸੇ ਦੀ ਵੀਡੀਓ ਫੁਟੇਜ ਦੇਖਣ ਤੋਂ ਬਾਅਦ ਇਹ ਸਾਫ਼ ਹੋ ਗਿਆ ਸੀ ਕਿ ਜਹਾਜ਼ ਵਿੱਚੋਂ ਕਿਸੇ ਦਾ ਵੀ ਬਚਣਾ ਅਸੰਭਵ ਸੀ। ਅਸਮਾਨੀ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਰਨਵੇਅ ਦੇ ਨੇੜੇ ਸੜ ਕੇ ਕੋਲਾ ਹੋਏ ਮਾਰੂਥਲ ਦੇ ਇੱਕ ਵੱਡੇ ਹਿੱਸੇ ਵਿੱਚ ਜਹਾਜ਼ ਦਾ ਨਾਮੋ-ਨਿਸ਼ਾਨ ਤੱਕ ਨਹੀਂ ਬਚਿਆ। ਹਾਦਸੇ ਤੋਂ ਬਾਅਦ ਕਈ ਘੰਟਿਆਂ ਤੱਕ ਹਵਾਈ ਅੱਡੇ ਨੂੰ ਬਾਹਰੀ ਲੋਕਾਂ ਲਈ ਬੰਦ ਰੱਖਿਆ ਗਿਆ ਅਤੇ ਬਚਾਅ ਕਾਰਜ ਚਲਾਏ ਗਏ। ਕਰਨਲ ਹੇਜ਼ ਮੁਤਾਬਕ ਹਾਦਸੇ ਦੇ ਅਸਲ ਕਾਰਨਾਂ ਨੂੰ ਸਪੱਸ਼ਟ ਹੋਣ ਵਿੱਚ 6 ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ, ਪਰ ਉਨ੍ਹਾਂ ਸਾਂਝਾ ਕੀਤਾ ਕਿ ਇਹ ਜਹਾਜ਼ ਹਵਾਈ ਫ਼ੌਜ ਦੇ ‘ਰਾਡਾਰ ਆਧੁਨਿਕੀਕਰਨ ਪ੍ਰੋਗਰਾਮ’ (Radar Modernisation Programme) ਦੇ ਟੈਸਟ ਦਾ ਹਿੱਸਾ ਸੀ। ਬੋਇੰਗ ਕੰਪਨੀ ਨੇ ਸਾਲ 2025 ਵਿੱਚ ਇਸ ਜਹਾਜ਼ ਨੂੰ ਨਵਾਂ ਅਤੇ ਬੇਹੱਦ ਆਧੁਨਿਕ ‘AESA’ ਰਾਡਾਰ ਸਿਸਟਮ ਲਾ ਕੇ ਐਡਵਰਡ ਬੇਸ ‘ਤੇ ਭੇਜਿਆ ਸੀ, ਜਿਸ ਦੀ ਸਾਲ 2026 ਦੌਰਾਨ ਵੱਖ-ਵੱਖ ਪਰਖ ਉਡਾਣਾਂ ਹੋਣੀਆਂ ਸਨ। ਹਾਲਾਂਕਿ, ਹਾਲੇ ਇਹ ਪੁਖ਼ਤਾ ਹੋਣਾ ਬਾਕੀ ਹੈ ਕਿ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਉਹੀ ਸੀ।ਹਵਾਬਾਜ਼ੀ ਸੁਰੱਖਿਆ ਮਾਹਰ ਜੈੱਫ ਗੁਜ਼ੇਤੀ (ਸਾਬਕਾ ਜਾਂਚਕਰਤਾ, NTSB) ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਜਹਾਜ਼ ਬਿਨਾਂ ਜ਼ਿਆਦਾ ਉਚਾਈ ਫੜੇ ਉਡਾਣ ਭਰਦੇ ਹੀ ਡਿੱਗਿਆ, ਉਸ ਤੋਂ ਲੱਗਦਾ ਹੈ ਕਿ ਇਹ ‘ਫਲਾਈਟ ਕੰਟਰੋਲ ਮਾਲਫੰਕਸ਼ਨ’ (ਉਡਾਣ ਨਿਯੰਤਰਣ ਦੀ ਖਰਾਬੀ) ਦਾ ਮਾਮਲਾ ਹੈ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਜਾਂ ਤਾਂ ਮੁਰੰਮਤ ਦੌਰਾਨ ਤਾਰਾਂ ਗਲਤ ਜੁੜੀਆਂ, ਜਾਂ ਇੰਜਣ ਫੇਲ੍ਹ ਹੋਇਆ ਜਾਂ ਫਿਰ ਟੈਸਟ ਕੀਤੇ ਜਾ ਰਹੇ ਨਵੇਂ ਉਪਕਰਣ ਨੇ ਕੋਈ ਗੜਬੜ ਪੈਦਾ ਕੀਤੀ। ਉਨ੍ਹਾਂ ਕਿਹਾ ਕਿ ਬੇਸ਼ੱਕ ‘ਬੀ-52’ ਜਹਾਜ਼ 70 ਸਾਲਾਂ ਤੋਂ ਸੇਵਾਵਾਂ ਦੇ ਰਿਹਾ ਹੈ, ਪਰ ਨਵੀਂ ਤਕਨੀਕ ਦੀ ਟੈਸਟਿੰਗ ਹਮੇਸ਼ਾ ਜੋਖਮ ਭਰੀ ਹੁੰਦੀ ਹੈ।ਜ਼ਿਕਰਯੋਗ ਹੈ ਕਿ ਲਾਸ ਏਂਜਲਸ ਤੋਂ 161 ਕਿਲੋਮੀਟਰ ਉੱਤਰ ਵਿੱਚ ਸਥਿਤ ‘ਐਡਵਰਡ ਏਅਰ ਫੋਰਸ ਬੇਸ’ ਅਮਰੀਕੀ ਹਵਾਈ ਫ਼ੌਜ ਦੀਆਂ ਨਵੀਆਂ ਹਵਾਈ ਕਾਢਾਂ, ਹਥਿਆਰਾਂ ਅਤੇ ਸਾਫਟਵੇਅਰ ਦੀ ਪਰਖ ਦਾ ਮੁੱਖ ਕੇਂਦਰ ਹੈ। ਇਹ ਉਹੀ ਇਤਿਹਾਸਕ ਏਅਰਬੇਸ ਹੈ ਜਿੱਥੇ 1947 ਵਿੱਚ ਪ੍ਰਸਿੱਧ ਟੈਸਟ ਪਾਇਲਟ ਚੱਕ ਯੇਗਰ ਨੇ ‘ਮੈਕ 1.05’ ਦੀ ਰਫ਼ਤਾਰ ਨਾਲ ਉਡਾਣ ਭਰ ਕੇ ਦੁਨੀਆ ਵਿੱਚ ਪਹਿਲੀ ਵਾਰ ‘ਸਾਊਂਡ ਬੈਰੀਅਰ’ (ਆਵਾਜ਼ ਦੀ ਗਤੀ ਦੀ ਸੀਮਾ) ਨੂੰ ਤੋੜਿਆ ਸੀ।
Posted inUnited States
California plane crash: ਅਮਰੀਕੀ ਬੰਬਾਰ ਜਹਾਜ਼ ‘ਬੀ-52’ ਦੇ ਪਰਖ ਉਡਾਣ ਦੌਰਾਨ ਪਰਖੱਚੇ ਉੱਡੇ; ਅਮਲੇ ਦੇ ਸਾਰੇ 8 ਮੈਂਬਰਾਂ ਦੀ ਮੌਤ

