ਬਾਗ਼ੀ ਧੜੇ ਨੇ ਖ਼ੁਦ ਨੂੰ ‘ਅਸਲੀ ਤ੍ਰਿਣਮੂਲ’ ਦੱਸਿਆ

ਬਾਗ਼ੀ ਧੜੇ ਨੇ ਖ਼ੁਦ ਨੂੰ ‘ਅਸਲੀ ਤ੍ਰਿਣਮੂਲ’ ਦੱਸਿਆ

ਕੋਲਕਾਤਾ/ਨਵੀਂ ਦਿੱਲੀ : ਪੱਛਮੀ ਬੰਗਾਲ ਦੀ ਸਿਆਸਤ ਵਿੱਚ ਵੱਡੀ ਹਲਚਲ ਦਰਮਿਆਨ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਦਾ ਅੰਦਰੂਨੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਬਾਗ਼ੀ ਧੜੇ ਦੇ ਨੇਤਾ ਰਿਤਾਬ੍ਰਤ ਬੈਨਰਜੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਧੜਾ ਹੀ ਅਸਲੀ ‘ਟੀ ਐੱਮ ਸੀ’ ਹੈ। ਉਨ੍ਹਾਂ ਦਾ ਕਾਂਗਰਸ ’ਚ ਸ਼ਾਮਲ ਹੋਣ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਧੜੇ ਵਿੱਚ ਸ਼ਾਮਲ ਵਿਧਾਇਕਾਂ ਦੀ ਗਿਣਤੀ 58 ਤੋਂ ਵਧ ਕੇ ਹੁਣ 64 ਹੋ ਗਈ ਹੈ ਅਤੇ ਹੋਰ ਵੀ ਵਿਧਾਇਕ ਇਸ ਵਿੱਚ ਸ਼ਾਮਲ ਹੋ ਸਕਦੇ ਹਨ। ਰਿਤਾਬ੍ਰਤ ਨੇ ਸਪੱਸ਼ਟ ਕੀਤਾ ਕਿ ਇਹ ਧੜਾ ਕਾਂਗਰਸ ਵਿੱਚ ਸ਼ਾਮਲ ਨਹੀਂ ਹੋਵੇਗਾ ਅਤੇ ਟੀ ਐੱਮ ਸੀ ਦੇ ਨਾਂ ਹੇਠ ਹੀ ਕੰਮ ਜਾਰੀ ਰੱਖੇਗਾ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਕਈ ਸੰਸਦ ਮੈਂਬਰ ਅਤੇ ਸਥਾਨਕ ਨੇਤਾ ਵੀ ਉਨ੍ਹਾਂ ਦੇ ਸਮਰਥਨ ਵਿੱਚ ਹਨ। ਇਸ ਸੰਕਟ ਦੇ ਨਾਲ ਹੀ ਦਿੱਲੀ ਵਿੱਚ ਟੀ ਐੱਮ ਸੀ ਨੇਤਾ ਮਮਤਾ ਬੈਨਰਜੀ ਅਤੇ ਕਾਂਗਰਸ ਲੀਡਰਸ਼ਿਪ ਵਿਚਾਲੇ ਹੋਈਆਂ ਮੁਲਾਕਾਤਾਂ ਨੇ ਸਿਆਸੀ ਕਿਆਰਅਰਾਈਆਂ ਨੂੰ ਹੋਰ ਤੇਜ਼ ਕਰ ਦਿੱਤਾ ਹੈ ਕਿ ਦੋਵੇਂ ਪਾਰਟੀਆਂ ਵਿਚਾਲੇ ਨਵਾਂ ਗਠਜੋੜ ਜਾਂ ਉਨ੍ਹਾਂ ਦਾ ਧੜਾ ਕਾਂਗਰਸ ਵਿੱਚ ਸ਼ਾਮਲ ਹੋ ਸਕਦਾ ਹੈ। ਹਾਲਾਂਕਿ ਅਧਿਕਾਰਕ ਤੌਰ ’ਤੇ ਇਸ ਦਾ ਕੋਈ ਐਲਾਨ ਨਹੀਂ ਹੋਇਆ।

ਉੱਧਰ, ਕਾਂਗਰਸ ਅੰਦਰ ਵੀ ਇਸ ਸੰਭਾਵਿਤ ਨਜ਼ਦੀਕੀ ਨੂੰ ਲੈ ਕੇ ਵੰਡ ਸਪੱਸ਼ਟ ਹੋ ਗਈ ਹੈ। ਬੰਗਾਲ ਕਾਂਗਰਸ ਦੇ ਕਈ ਸੀਨੀਅਰ ਨੇਤਾਵਾਂ ਨੇ ਮਮਤਾ ਬੈਨਰਜੀ ਨਾਲ ਕਿਸੇ ਵੀ ਗਠਜੋੜ ਦਾ ਵਿਰੋਧ ਕੀਤਾ ਹੈ। ਅਧੀਰ ਰੰਜਨ ਚੌਧਰੀ ਅਤੇ ਅਬਦੁਲ ਮੰਨਾਨ ਨੇ ਇਸ ਨੂੰ ਕਾਂਗਰਸ ਲਈ ਨੁਕਸਾਨਦਾਇਕ ਦੱਸਿਆ ਹੈ, ਜਦਕਿ ਕੁਝ ਨੇਤਾ ਸ਼ਰਤਾਂ ਨਾਲ ਸਹਿਯੋਗ ਦੇ ਪੱਖ ਵਿੱਚ ਹਨ।

ਇਸ ਸਿਆਸੀ ਉਥਲ-ਪੁਥਲ ਨੇ ਟੀ ਐੱਮ ਸੀ ਦੀ ਸੰਸਦੀ ਅਤੇ ਵਿਧਾਨਕ ਤਾਕਤ ਨੂੰ ਗੰਭੀਰ ਝਟਕਾ ਦਿੱਤਾ ਹੈ। 20 ਬਾਗ਼ੀ ਸੰਸਦ ਮੈਂਬਰਾਂ ਨੇ ਵੀ ਵੱਖਰਾ ਧੜਾ ਬਣਾਉਣ ਦਾ ਐਲਾਨ ਕਰਦਿਆਂ ਐੱਨ ਡੀ ਏ ਨੂੰ ਸਮਰਥਨ ਦੇਣ ਦੀ ਗੱਲ ਕਹੀ ਹੈ।

ਸਿਆਸੀ ਮਾਹਿਰਾਂ ਅਨੁਸਾਰ ਮੌਜੂਦਾ ਸੰਕਟ ਟੀ ਐੱਮ ਸੀ ਦੀ ਸੰਗਠਨਾਤਮਕ ਏਕਤਾ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਿਆ ਹੈ ਅਤੇ ਪੱਛਮੀ ਬੰਗਾਲ ਵਿੱਚ ਸਿਆਸਤ ਦਾ ਸਮੀਕਰਨ ਤੇਜ਼ੀ ਨਾਲ ਬਦਲ ਰਿਹਾ ਹੈ।

ਸੁਸ਼ਮਿਤਾ ਦੇਵ ਦਾ ਤ੍ਰਿਣਮੂਲ ਅਤੇ ਰਾਜ ਸਭਾ ਤੋਂ ਅਸਤੀਫਾ

ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਸੁਸ਼ਮਿਤਾ ਦੇਵ ਨੇ ਅੱਜ ਪਾਰਟੀ ਅਤੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਨਾਲ ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਹੇਠਲੀ ਪਾਰਟੀ ਨੂੰ ਇੱਕ ਹੋਰ ਝਟਕਾ ਲੱਗਾ ਹੈ ਜੋ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਅੰਦਰੂਨੀ ਕਲੇਸ਼ ਨਾਲ ਜੂਝ ਰਹੀ ਹੈ। ਸੰਸਦ ਮੈਂਬਰ ਵਜੋਂ ਅਸਤੀਫਾ ਰਾਜ ਸਭਾ ਦੇ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਨੇ ਪ੍ਰਵਾਨ ਕਰ ਲਿਆ ਹੈ।ਰਾਜ ਸਭਾ ਸਕੱਤਰੇਤ ਦੇ ਨੋਟੀਫਿਕੇਸ਼ਨ ਅਨੁਸਾਰ, ‘‘ਪੱਛਮੀ ਬੰਗਾਲ ਤੋਂ ਰਾਜ ਸਭਾ ਮੈਂਬਰ ਸੁਸ਼ਮਿਤਾ ਦੇਵ ਨੇ ਉੱਪਰਲੇ ਸਦਨ ਦੀ ਆਪਣੀ ਸੀਟ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਨ੍ਹਾਂ ਦਾ ਅਸਤੀਫਾ ਰਾਜ ਸਭਾ ਦੇ ਚੇਅਰਮੈਨ ਨੇ 10 ਜੂਨ, 2026 ਨੂੰ ਮਨਜ਼ੂਰ ਕਰ ਲਿਆ ਹੈ।’’ ਸਾਲ 2021 ’ਚ ਕਾਂਗਰਸ ਛੱਡ ਕੇ ਟੀ ਐੱਮ ਸੀ ’ਚ ਸ਼ਾਮਲ ਹੋਈ ਸੁਸ਼ਮਿਤਾ ਦੇਵ ਹੁਣ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਸਕਦੀ ਹੈ। ਉਨ੍ਹਾਂ ਅਸਤੀਫਾ ਦੇਣ ਮਗਰੋਂ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨਾਲ ਮੁਲਾਕਾਤ ਕੀਤੀ। ਸੁਸ਼ਮਿਤਾ ਦੇਵ ਨੇ ਟੀ ਐੱਮ ਸੀ ਮੁਖੀ ਮਮਤਾ ਬੈਨਰਜੀ ਬਾਰੇ ਪੁੱਛੇ ਸਵਾਲਾਂ ਜਾਂ ਆਪਣੀ ਭਵਿੱਖੀ ਰਾਜਨੀਤੀ ਦੀ ਯੋਜਨਾ ਬਾਰੇ ਕੋਈ ਵੀ ਟਿੱਪਣੀ ਨਹੀਂ ਕੀਤੀ। ਉਨ੍ਹਾਂ ਕਿਹਾ, ‘‘ਇਹ ਮੇਰਾ ਨਿੱਜੀ ਫ਼ੈਸਲਾ ਹੈ ਕਿ ਮੈਂ ਕਿਸ ਤਰ੍ਹਾਂ ਦੀ ਰਾਜਨੀਤੀ ਕਰਨਾ ਚਾਹੁੰਦੀ ਹਾਂ ਅਤੇ ਮੇਰਾ ਨੇਤਾ ਕੌਣ ਹੋਣਾ ਚਾਹੀਦਾ ਹੈ। ਮੇਰੇ ਆਪਣੇ ਕਾਰਨ ਹਨ ਅਤੇ ਇਸੇ ਲਈ ਮੈਂ ਇਹ ਫ਼ੈਸਲਾ ਲਿਆ ਹੈ।’’ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਬਾਰੇ ਉਨ੍ਹਾਂ ਕਿਹਾ, ‘‘ਜਦੋਂ ਮੈਂ ਫ਼ੈਸਲਾ ਕਰਾਂਗੀ ਤਾਂ ਤੁਹਾਨੂੰ ਜਾਣਕਾਰੀ ਦੇ ਦੇਵਾਂਗੀ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਨਿੱਜੀ ਅਤੇ ਸਿਆਸੀ ਕਾਰਨਾਂ ਕਰ ਕੇ ਅਸਤੀਫਾ ਦਿੱਤਾ ਹੈ।

Share: