ਵਾਸ਼ਿੰਗਟਨ : ਫੈਡਰਲ ਜੱਜ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਐੱਚ-1ਬੀ ਅਰਜ਼ੀਆਂ ਉੱਤੇ 1,00,000 ਡਾਲਰ ਦੀ ਫੀਸ ਲਾਉਣ ਦੇ ਫੈਸਲੇ ਨੂੰ ਗ਼ੈਰਕਾਨੂੰਨੀ ਦੱਸ ਕੇ ਰੱਦ ਕਰ ਦਿੱਤਾ ਹੈ। ਜੱਜ ਨੇ ਕਿਹਾ ਕਿ ਟਰੰਪ ਕੋਲ ਇਹ ਫੈਸਲਾ ਲਾਗੂ ਕਰਨ ਲਈ ਲੋੜੀਂਦੀ ਸੰਸਦੀ ਪ੍ਰਵਾਨਗੀ ਨਹੀਂ ਸੀ। ਉਧਰ, ਵ੍ਹਾਈਟ ਹਾਊਸ ਦੇ ਤਰਜਮਾਨ ਨੇ ਇਸ਼ਾਰਾ ਕੀਤਾ ਕਿ ਇਸ ਫੈਸਲੇ ਨੂੰ ਅਪੀਲੀ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ। ਇਸ ਦੌਰਾਨ ਭਾਰਤੀ ਪਰਵਾਸੀ ਭਾਈਚਾਰੇ ਅਤੇ ਰਿਪਬਲਿਕਨਾਂ ਸਣੇ ਅਮਰੀਕੀ ਕਾਨੂੰਨਸਾਜ਼ਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਐੱਚ-1ਬੀ ਪ੍ਰੋਗਰਾਮ ਅਮਰੀਕੀ ਵਰਕ ਵੀਜ਼ਿਆਂ ਮਗਰੋਂ ਸਭ ਤੋਂ ਵੱਧ ਮੰਗੇ ਜਾਣ ਵਾਲੇ ਵੀਜ਼ਿਆਂ ’ਚੋਂ ਇੱਕ ਹੈ, ਜੋ ਅਮਰੀਕੀ ਕੰਪਨੀਆਂ ਨੂੰ ਆਲਮੀ ਪੱਧਰ ’ਤੇ ਹੁਨਰਮੰਦ ਕਾਮਿਆਂ ਨੂੰ ਨਿਯੁਕਤ ਕਰਨ ਦੀ ਖੁੱਲ੍ਹ ਦਿੰਦਾ ਹੈ।
ਮੈਸੇਚਿਊਸੈਟਸ ਦੇ ਫੈਡਰਲ ਜੱਜ ਲੀਓ ਸੋਰੋਕਿਨ ਨੇ ਸੋਮਵਾਰ ਨੂੰ ਟਰੰਪ ਪ੍ਰਸ਼ਾਸਨ ਦੇ ਉੱਚ ਹੁਨਰਮੰਦ ਕਾਮਿਆਂ ਲਈ ਐੱਚ-1ਬੀ ਵੀਜ਼ਾ ’ਤੇ 1,00,000 ਅਮਰੀਕੀ ਡਾਲਰ ਦੀ ਫੀਸ ਨੂੰ ਰੱਦ ਕਰ ਦਿੱਤਾ। ਕੈਲੀਫੋਰਨੀਆ ਤੇ 19 ਹੋਰ ਰਾਜਾਂ ਨੇ ਟਰੰਪ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਟਰੰਪ ਨੇ ਪਿਛਲੇ ਸਾਲ ਸਤੰਬਰ ਵਿੱਚ ਨਵੀਆਂ ਐੱੱਚ-1ਬੀ ਅਰਜ਼ੀਆਂ ਉੱਤੇ 1,00,000 ਡਾਲਰ ਦੀ ਫੀਸ ਲਾਉਣ ਦੇ ਹੁਕਮਾਂ ’ਤੇ ਸਹੀ ਪਾਈ ਸੀ। ਵ੍ਹਾਈਟ ਹਾਊਸ ਦੇ ਤਰਜਮਾਨ ਨੇ ਇਸ਼ਾਰਾ ਕੀਤਾ ਕਿ ਇਸ ਫੈਸਲੇ ਨੂੰ ਅਪੀਲੀ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ। ਤਰਜਮਾਨ ਟੇਲਰ ਰੌਜਰਜ਼ ਨੇ ਕਿਹਾ, ‘‘ਐੱਚ-1ਬੀ ਪ੍ਰੋਗਰਾਮ ਦੀ ਦਹਾਕਿਆਂ ਤੋਂ ਦੁਰਵਰਤੋਂ ਹੁੰਦੀ ਰਹੀ ਹੈ ਤੇ ਰਾਸ਼ਟਰਪਤੀ ਟਰੰਪ ਨੇ ਅਖੀਰ ਇਸ ਨੂੰ ਰੋਕਣ ਲਈ ਕਦਮ ਚੁੱਕਿਆ ਹੈ।’’ ਰੌਜਰਜ਼ ਨੇ ਕਿਹਾ ਕਿ ਵਾਸ਼ਿੰਗਟਨ ਦੇ ਫੈਡਰਲ ਜੱਜ ਨੇ ਵੀ ਮਿਲਦਾ ਜੁਲਦਾ ਹੁਕਮ ਪਾਸ ਕੀਤਾ ਸੀ ਤੇ ਪ੍ਰਸ਼ਾਸਨ ਨੂੰ ਉਮੀਦ ਹੈ ਕਿ ਅਪੀਲ ਕਰਨ ਉੱਤੇ ਇਸ ਫੈਸਲੇ ਨੂੰ ਵੀ ਉਲਟ ਦਿੱਤਾ ਜਾਵੇਗਾ।
ਰਿਪਬਲਿਕਨ ਸੈਨੇਟਰਾਂ ਲਿਸਾ ਮੁਰਕੋਵਸਕੀ, ਡੌਨ ਬੇਅਰ, ਮਾਈਕ ਲਾਅਲਰ, ਡੈਮੋਕਰੈਟ ਸੰਸਦ ਮੈਂਬਰ ਸੈਂਡਫੋਰਡ ਡੀ ਬਿਸ਼ਪ, ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੌਂਟਾ ਤੇ ਨਿਊ ਜਰਸੀ ਦੇ ਉਨ੍ਹਾਂ ਦੇ ਹਮਰੁਤਬਾ ਜੈਨੀਫਰ ਡੇਵਨਪੋਰਟ ਨੇ ਫੈਸਲੇ ਦਾ ਸਵਾਗਤ ਕੀਤਾ ਹੈ। ਅਮਰੀਕਾ ਅਧਾਰਿਤ ਭਾਰਤੀ ਡਾਇਸਪੋਰਾ ਐਡਵੋਕੇਸੀ ਸਮੂਹਾਂ ਜਿਵੇਂ ਐੱਫ ਆਈ ਆਈ ਡੀ ਐੱਸ ਦੇ ਖਾਂਡੇਰਾਓ ਕਾਂਡ ਤੇ ਇੰਡੀਆਸਪੋਰਾ ਦੇ ਕਾਰਜਕਾਰੀ ਡਾਇਰੈਕਟਰ ਸੰਜੀਵ ਜੋਸ਼ੀਪੁਪਰਾ ਨੇ ਵੀ ਕੋਰਟ ਦੇ ਫੈਸਲੇ ਨੂੰ ਜੀ ਆਇਆਂ ਕਿਹਾ ਹੈ। –
ਅਜਿਹੇ ਫ਼ੈਸਲਿਆਂ ਨਾਲ ਮੁਲਕ ਨੂੰ ਵੱਡਾ ਨੁਕਸਾਨ ਹੋਵੇਗਾ: ਟਰੰਪ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫੈਡਰਲ ਕੋਰਟ ਦੇ ਫ਼ੈਸਲੇ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਮੁਲਕ ਨੂੰ ਵੱਡਾ ਨੁਕਸਾਨ ਹੋਵੇਗਾ। ਟਰੰਪ ਨੇ ਮੈਡੀਸਨ ਸਕੁਏਅਰ ਗਾਰਡਨ ਵਿੱਚ ਐੱਨ ਬੀ ਏ ਫਾਈਨਲਜ਼ ਦੇਖਣ ਮਗਰੋਂ ਕਿਹਾ, ‘‘ਇਹ ਜੱਜ ਸੱਚਮੁੱਚ ਸਾਨੂੰ ਬਹੁਤ ਪ੍ਰੇਸ਼ਾਨ ਕਰ ਰਹੇ ਹਨ, ਸੱਚ ਵਿੱਚ ਬਹੁਤ ਅਜੀਬ ਹੈ। ਉਹ ਸਾਨੂੰ ਬਹੁਤ ਜ਼ਿਆਦਾ ਪ੍ਰੇਸ਼ਾਨ ਕਰ ਰਹੇ ਹਨ…ਉਹ ਸਾਡੇ ਦੇਸ਼ ਨੂੰ ਬਹੁਤ ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਰਹੇ ਹਨ।’’

