ਨਵੀਂ ਦਿੱਲੀ : ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ’ਚ ਸ਼ਾਮਲ ਪਾਰਟੀਆਂ ਦੇ ਆਗੂਆਂ ਨੇ ਅੱਜ ਇਥੇ ਮੀਟਿੰਗ ਕਰ ਕੇ ਇਕਜੁੱਟਤਾ ਦਾ ਮੁਜ਼ਾਹਰਾ ਕਰਦਿਆਂ ਸਰਕਾਰ ਨੂੰ ਐੱਸ ਆਈ ਆਰ, ਨੀਟ-ਸੀ ਬੀ ਐੱਸ ਈ ਵਿਵਾਦ ਅਤੇ ਆਰਥਿਕ ਹਾਲਾਤ ਜਿਹੇ ਮੁੱਦਿਆਂ ’ਤੇ ਘੇਰਨ ਦਾ ਐਲਾਨ ਕੀਤਾ ਹੈ। ‘ਇੰਡੀਆ’ ਗੱਠਜੋੜ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘੀ ਪੜਤਾਲ (ਐੱਸ ਆਈ ਆਰ) ਦੇ ਮੁੱਦੇ ’ਤੇ ਦੇਸ਼ ਦੇ ਚੀਫ਼ ਜਸਟਿਸ ਨੂੰ ਪੱਤਰ ਲਿਖਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਫੌਰੀ ਅਸਤੀਫ਼ੇ ਦੀ ਮੰਗ ਕੀਤੀ ਗਈ ਹੈ। ਮੀਟਿੰਗ ’ਚ ਡੀ ਐੱਮ ਕੇ, ‘ਆਪ’ ਅਤੇ ਤਾਮਿਲ ਨਾਡੂ ਦੀ ਹੁਕਮਰਾਨ ਧਿਰ ਟੀ ਵੀ ਕੇ ਦੇ ਆਗੂਆਂ ਨੇ ਹਿੱਸਾ ਨਹੀਂ ਲਿਆ। ਮੀਟਿੰਗ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਆਗੂਆਂ ਨੇ ਪੰਜ ਮੁੱਦਿਆਂ ’ਤੇ ਸਹਿਮਤੀ ਜਤਾਈ ਹੈ। ਐੱਸ ਆਈ ਆਰ, ਵੋਟ ਲੁੱਟ ਅਤੇ ਚੋਣਾਂ ਦੀ ਚੋਰੀ ਦੇ ਮੁੱਦੇ ’ਤੇ ਛੇਤੀ ਹੀ ਚੀਫ ਜਸਟਿਸ ਨੂੰ ਪੱਤਰ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਖ਼ਰਾਬ ਆਰਥਿਕ ਹਾਲਤ, ਬੇਰੁਜ਼ਗਾਰੀ, ਮਹਿੰਗਾਈ, ਕਿਸਾਨੀ ਅਤੇ ਲੋਕ ’ਤੇ ਆਧਾਰਿਤ ਮੁੱਦਿਆਂ ’ਤੇ ਚਰਚਾ ਲਈ ਕੇਂਦਰ ਸਰਕਾਰ ਨੂੰ ਸਰਬ ਪਾਰਟੀ ਮੀਟਿੰਗ ਸੱਦਣ ਦੀ ਮੰਗ ਕੀਤੀ ਗਈ ਹੈ। ਖੜਗੇ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਨੇ ਦੋ ਮਹੀਨਿਆਂ ’ਚ ਇਕ ਵਾਰ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਅਗਲੀ ਮੀਟਿੰਗ ਅਗਸਤ ’ਚ ਹੈਦਰਾਬਾਦ ’ਚ ਹੋਵੇਗੀ। ਸੂਤਰਾਂ ਮੁਤਾਬਕ ਮੀਟਿੰਗ ’ਚ 22 ਵਿਰੋਧੀ ਧਿਰਾਂ ਦੇ ਆਗੂਆਂ ਅਤੇ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਵੀ ਹਾਜ਼ਰੀ ਭਰੀ। ਉਂਝ ਖੜਗੇ ਨੇ ਪਹਿਲਾਂ ਆਖਿਆ ਸੀ ਕਿ 25 ਵਿਰੋਧੀ ਧਿਰਾਂ ਦੇ ਆਗੂਆਂ ਨੇ ਮੀਟਿੰਗ ਕੀਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਖੜਗੇ ਦੇ ਨਾਲ ਰਾਹੁਲ ਗਾਂਧੀ, ਅਖਿਲੇਸ਼ ਯਾਦਵ, ਮਮਤਾ ਬੇਨਰਜੀ ਅਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ।
ਕਾਂਗਰਸ ਆਗੂ ਨੇ ਕਿਹਾ ਕਿ ਮੀਟਿੰਗ ’ਚ ਹਾਜ਼ਰ ਸਾਰੇ ਆਗੂਆਂ ਨੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟਾਏ ਹਨ ਜਿਸ ’ਚ ਸ਼ਿਵ ਸੈਨਾ-ਯੂ ਬੀ ਟੀ ਦੇ ਊਧਵ ਠਾਕਰੇ ਅਤੇ ਜੇ ਐੱਮ ਐੱਮ ਦੇ ਹੇਮੰਤ ਸੋਰੇਨ ਨੇ ਵਰਚੁਅਲੀ ਹਾਜ਼ਰੀ ਲਵਾਈ। ਮੀਟਿੰਗ ਦੌਰਾਨ ਆਗੂਆਂ ਨੇ ਏਕਤਾ ਕਾਇਮ ਕਰਨ ਅਤੇ ਭਾਜਪਾ ਦੇ ਟਾਕਰੇ ਲਈ ਰਣਨੀਤੀ ਨਵੇਂ ਸਿਰ ਤੋਂ ਬਣਾਉਣ ਬਾਰੇ ਚਰਚਾ ਕੀਤੀ। ਇਸ ਦੌਰਾਨ ਖੇਤਰੀ ਧਿਰਾਂ ਤ੍ਰਿਣਮੂਲ ਕਾਂਗਰਸ ਅਤੇ ਡੀ ਐੱਮ ਕੇ ਦੀ ਵਿਧਾਨ ਸਭਾ ਚੋਣਾਂ ’ਚ ਹਾਰ ਮਗਰੋਂ ਪੈਦਾ ਹੋਏ ਮਤਭੇਦਾਂ ਨੂੰ ਦੂਰ ਕਰਨ ਦੇ ਵੀ ਯਤਨ ਹੋਏ।
ਗੱਠਜੋੜ ਦਾ ਡਰਾਮਾ, ਕੋਈ ਫ਼ਰਕ ਨਹੀਂ ਪਵੇਗਾ: ਪਾਤਰਾ
ਨਵੀਂ ਦਿੱਲੀ: ਭਾਜਪਾ ਨੇ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੀ ਮੀਟਿੰਗ ’ਤੇ ਤਨਜ਼ ਕੱਸਦਿਆਂ ਕਿਹਾ ਕਿ ਜਿਨ੍ਹਾਂ ਨੂੰ ਜਨਤਾ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ, ਉਹ ਕਿਸੇ ਨਾ ਕਿਸੇ ਤਰ੍ਹਾਂ ਸਰਗਰਮ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਸ ਨਾਲ ਕੋਈ ਫਰਕ ਨਹੀਂ ਪਵੇਗਾ। ਭਾਜਪਾ ਦੇ ਕੌਮੀ ਤਰਜਮਾਨ ਸੰਬਿਤ ਪਾਤਰਾ ਨੇ ‘ਇੰਡੀਆ’ ਗੱਠਜੋੜ ਦੇ ਆਗੂਆਂ ’ਤੇ ਪਾਖੰਡ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਜੋ ਲੋਕ ਕੁਝ ਸਮਾਂ ਪਹਿਲਾਂ ਤੱਕ ਇੱਕ-ਦੂਜੇ ’ਤੇ ਹਮਲੇ ਅਤੇ ਆਲੋਚਨਾ ਕਰ ਰਹੇ ਸਨ, ਉਹ ਹੁਣ ਗੱਠਜੋੜ ਦੀ ਮੀਟਿੰਗ ਦਾ ਡਰਾਮਾ ਕਰ ਰਹੇ ਹਨ। ਭਾਜਪਾ ਸੰਸਦ ਮੈਂਬਰ ਨੇ ਇੱਥੇ ਪਾਰਟੀ ਹੈੱਡਕੁਆਰਟਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ, ‘‘ਜਨਤਾ ਸਭ ਕੁਝ ਦੇਖ ਰਹੀ ਹੈ। ਇੰਡੀਆ ਗੱਠਜੋੜ ਵਿੱਚੋਂ ਕਿਸੇ ਵੀ ਸਿਆਸੀ ਪਾਰਟੀ ਦੀ ਜ਼ਮੀਨੀ ਪੱਧਰ ’ਤੇ ਕੋਈ ਮੌਜੂਦਗੀ ਨਹੀਂ ਹੈ।’’

