ਦੁਬੲੀ : ਅਮਰੀਕਾ ਵੱਲੋਂ ਦੋ ਮਹੀਨੇ ਪਹਿਲਾਂ ਕਰਵਾਈ ਗਈ ਜੰਗਬੰਦੀ ਮਗਰੋਂ ਸੋਮਵਾਰ ਸੋਮਵਾਰ ਤੜਕੇ ਇਜ਼ਰਾਈਲ ਅਤੇ ਇਰਾਨ ਨੇ ਇਕ-ਦੂਜੇ ’ਤੇ ਮੁੜ ਜ਼ੋਰਦਾਰ ਹਮਲੇ ਕੀਤੇ ਜਿਸ ਕਾਰਨ ਪੱਛਮੀ ਏਸ਼ੀਆ ’ਚ ਦੁਬਾਰਾ ਜੰਗ ਛਿੜਨ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਸ ਦੌਰਾਨ ਯਮਨ ਦੇ ਹੂਤੀ ਬਾਗੀਆਂ ਨੇ ਵੀ ਇਜ਼ਰਾਈਲ ’ਤੇ ਹਮਲਾ ਕਰ ਕੇ ਲਾਲ ਸਾਗਰ ’ਚ ਇਜ਼ਰਾਈਲ ਨਾਲ ਸਬੰਧਤ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੀ ਚਿਤਾਵਨੀ ਦਿੱਤੀ ਹੈ, ਜਿਸ ਕਾਰਨ ਸਾਊਦੀ ਅਰਬ ਦੇ ਬਦਲਵੇਂ ਤੇਲ ਮਾਰਗਾਂ ਲਈ ਖ਼ਤਰਾ ਵਧ ਗਿਆ ਹੈ। ਮਿਸਰ, ਸਾਊਦੀ ਅਰਬ, ਤੁਰਕੀ, ਪਾਕਿਸਤਾਨ ਅਤੇ ਕਤਰ ਵਰਗੇ ਦੇਸ਼ ਜੰਗਬੰਦੀ ਕਾਇਮ ਰੱਖਣ ਲਈ ਸਰਗਰਮ ਹੋ ਗਏ ਹਨ। ਉਨ੍ਹਾਂ ਟਰੰਪ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਇਜ਼ਰਾਈਲ ’ਤੇ ਦਬਾਅ ਪਾ ਕੇ ਇਰਾਨ ਅਤੇ ਬੈਰੂਤ ’ਤੇ ਹਮਲੇ ਬੰਦ ਕਰਵਾਏ। ਉਨ੍ਹਾਂ ਇਰਾਨੀ ਅਧਿਕਾਰੀਆਂ ਨੂੰ ਵੀ ਕਿਹਾ ਹੈ ਕਿ ਉਹ ਇਜ਼ਰਾਈਲ ’ਤੇ ਹਮਲੇ ਬੰਦ ਕਰੇ। ਇਰਾਨ ਅਤੇ ਅਮਰੀਕਾ ਵਿਚਾਲੇ ਵਿਚੋਲਗੀ ਦੀਆਂ ਕੋਸ਼ਿਸ਼ਾਂ ’ਚ ਸ਼ਾਮਲ ਇਕ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ, ਇਜ਼ਰਾਈਲ ਵੱਲੋਂ ਬੈਰੂਤ ’ਤੇ ਕੀਤੇ ਗਏ ਹਮਲਿਆਂ ਤੋਂ ਨਾਰਾਜ਼ ਹੈ।
ਸੋਮਵਾਰ ਨੂੰ ਹੋਏ ਹਮਲਿਆਂ ’ਚ ਇਰਾਨ ਨੇ ਇਜ਼ਰਾਈਲ ਦੇ ਦੋ ਫ਼ੌਜੀ ਰਡਾਰ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲਾਂ ਦਾਗੀਆਂ, ਜਿਸ ਨੂੰ ਉਨ੍ਹਾਂ ਅਪ੍ਰੇਸ਼ਨ ਨਸਰ ਦਾ ਨਾਂ ਦਿੱਤਾ। ਇਰਾਨ ਦੇ ਇਸਫਾਹਾਨ, ਕਰਾਜ, ਤਬਰੀਜ਼, ਤਹਿਰਾਨ ਅਤੇ ਮਾਹਸ਼ਹਿਰ ਸ਼ਹਿਰਾਂ ’ਚ ਜ਼ੋਰਦਾਰ ਧਮਾਕੇ ਸੁਣੇ ਗਏ। ਖੁਜ਼ੇਸਤਾਨ ਸੂਬੇ ਦੇ ਮਾਹਸ਼ਹਿਰ ’ਚ ਇਜ਼ਰਾਈਲ ਨੇ ਪੈਟਰੋਕੈਮੀਕਲ ਫੈਕਟਰੀ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲ ਨੇ ਦਾਅਵਾ ਕੀਤਾ ਕਿ ਫੈਕਟਰੀ ਦੀ ਆੜ ਹੇਠ ਉਥੇ ਮਿਜ਼ਾਈਲਾਂ ਦਾ ਉਤਪਾਦਨ ਕੀਤਾ ਜਾ ਰਿਹਾ ਸੀ। ਹਮਲਿਆਂ ਮਗਰੋਂ ਇਰਾਨ ਨੇ ਤਹਿਰਾਨ ਦੇ ਇਮਾਮ ਖਮੇਨੇਈ ਕੌਮਾਂਤਰੀ ਹਵਾਈ ਅੱਡੇ ਦੇ ਆਲੇ-ਦੁਆਲੇ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ। ਇਜ਼ਰਾਈਲ ਨੇ ਕਿਹਾ ਕਿ ਉਨ੍ਹਾਂ ਇਰਾਨ ਦੇ ਮਿਜ਼ਾਈਲ ਹਮਲੇ ਦਾ ਜਵਾਬ ਦਿੱਤਾ ਹੈ। ਤਹਿਰਾਨ ਨੇ ਐਤਵਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਇਜ਼ਰਾਈਲ ਨੇ ਬੈਰੂਤ ਦੇ ਦੱਖਣੀ ਸ਼ਹਿਰਾਂ ’ਚ ਹਮਲੇ ਕੀਤੇ ਤਾਂ ਉਹ ਵੀ ਜਵਾਬ ਦੇਵੇਗਾ। ਰਿਵੋਲਿਊਸ਼ਨਰੀ ਗਾਰਡ ਨੇ ਕਿਹਾ ਕਿ ਉਨ੍ਹਾਂ ਇਜ਼ਰਾਈਲ ਦੇ ਦੋ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਮੱਧ ਇਜ਼ਰਾਈਲ ’ਚ ਧਮਾਕੇ ਸੁਣੇ ਗਏ ਪਰ ਹਵਾਈ ਰੱਖਿਆ ਪ੍ਰਣਾਲੀਆਂ ਨੇ ਇਰਾਨੀ ਹਮਲਿਆਂ ਨੂੰ ਹਵਾ ’ਚ ਹੀ ਠੱਲ੍ਹ ਦਿੱਤਾ।
ਟਰੰਪ ਨੇ ਦੋਵੇਂ ਮੁਲਕਾਂ ਨੂੰ ਹਮਲੇ ਰੋਕਣ ਲਈ ਕਿਹਾ
ਦੁਬਈ/ਯੇਰੂਸ਼ਲਮ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਜ਼ਰਾਈਲ ਅਤੇ ਇਰਾਨ ਨੂੰ ਇਕ-ਦੂਜੇ ’ਤੇ ਹਮਲੇ ਫੌਰੀ ਰੋਕਣ ਦੇ ਹੁਕਮ ਦਿੱਤੇ ਹਨ। ਪੱਛਮੀ ਏਸ਼ੀਆ ’ਚ ਮੁੜ ਜੰਗ ਸ਼ੁਰੂ ਹੋਣ ਦੇ ਖ਼ਦਸ਼ੇ ਅਤੇ ਤੇਲ ਕੀਮਤਾਂ ਕਰੀਬ 4 ਫ਼ੀਸਦੀ ਤੱਕ ਵਧਣ ਮਗਰੋਂ ਟਰੰਪ ਹਰਕਤ ’ਚ ਆਏ। ਟਰੰਪ ਨੇ ਇਕ ਦਿਨ ਪਹਿਲਾਂ ਹੀ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਾਹੂ ਨੂੰ ਹਮਲਿਆਂ ਤੋਂ ਗੁਰੇਜ਼ ਕਰਨ ਦੇ ਨਿਰਦੇਸ਼ ਦਿੱਤੇ ਸਨ ਕਿਉਂਕਿ ਇਸ ਨਾਲ ਇਰਾਨ ਨਾਲ ਸ਼ਾਂਤੀ ਵਾਰਤਾ ’ਤੇ ਅਸਰ ਪੈ ਸਕਦਾ ਹੈ। ਇਰਾਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਇਸਮਾਈਲ ਬਗ਼ੇਈ ਨੇ ਕਿਹਾ ਕਿ ਇਜ਼ਰਾਈਲ ਦੇ ਹਮਲਿਆਂ ਲਈ ਸਿੱਧੇ ਤੌਰ ’ਤੇ ਅਮਰੀਕਾ ਜ਼ਿੰਮੇਵਾਰ ਹੋਵੇਗਾ। ਉਸ ਨੇ ਕਿਹਾ ਕਿ ਇਜ਼ਰਾਈਲ ਨੂੰ ਲੈਬਨਾਨ ’ਤੇ ਹਮਲੇ ਫੌਰੀ ਰੋਕਣੇ ਚਾਹੀਦੇ ਹਨ। ਇਸ ਤੋਂ ਪਹਿਲਾਂ ਟਰੰਪ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਇਰਾਨ ਦੇ ਤਾਜ਼ਾ ਮਿਜ਼ਾਈਲ ਹਮਲਿਆਂ ਦਾ ਜਵਾਬ ਨਾ ਦੇਣ ਲਈ ਕਿਹਾ। ਟਰੰਪ ਨੇ ਕਿਹਾ ਕਿ ਅਜਿਹਾ ਕਰਨ ਨਾਲ ਸ਼ਾਂਤੀ ਵਾਰਤਾ ਖ਼ਤਰੇ ਵਿੱਚ ਪੈ ਸਕਦੀ ਹੈ। ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਅਮਰੀਕਾ ਅਤੇ ਇਰਾਨ ਵਿਚਾਲੇ ਸਮਝੌਤਾ ਬਹੁਤ ਨੇੜੇ ਹੈ ਅਤੇ ਅਗਲੇ ਕੁਝ ਦਿਨਾਂ ’ਚ ਇਸ ’ਤੇ ਦਸਤਖ਼ਤ ਹੋ ਸਕਦੇ ਹਨ। ਟਰੰਪ ਨੇ ਕਿਹਾ ਕਿ ਅਮਰੀਕਾ ਜੋ ਵੀ ਸਮਝੌਤਾ ਕਰੇਗਾ, ਨੇਤਨਯਾਹੂ ਕੋਲ ਉਸ ਨੂੰ ਮੰਨਣ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਹੋਵੇਗਾ, ਕਿਉਂਕਿ ਸਾਰੇ ਫ਼ੈਸਲੇ ਉਹ (ਟਰੰਪ) ਲੈਂਦੇ ਹਨ। ਟਰੰਪ ਨੇ ਐਤਵਾਰ ਨੂੰ ਬੈਰੂਤ ’ਤੇ ਕੀਤੇ ਗਏ ਇਜ਼ਰਾਇਲੀ ਹਮਲਿਆਂ ਦੀ ਵੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਹ ਇਸ ਤੋਂ ਖ਼ੁਸ਼ ਨਹੀਂ ਹਨ। ਟਰੰਪ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਭਵਿੱਖ ’ਚ ਉਹ ਜੰਗ ਨਾ ਕਰਨ ਦੀ ਕੋਈ ਗਾਰੰਟੀ ਨਹੀਂ ਦੇਣਗੇ।

