Punjab Weather: ਪਾਰਾ ਮੁੜ 45 ਡਿਗਰੀ ਨੇੜੇ ਪੁੱਜਾ

Punjab Weather: ਪਾਰਾ ਮੁੜ 45 ਡਿਗਰੀ ਨੇੜੇ ਪੁੱਜਾ

ਚੰਡੀਗਡ਼੍ਹ :  ਪੰਜਾਬ ਅਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਗਰਮੀ ਨੇ ਮੁੜ ਜ਼ੋਰ ਫੜ ਲਿਆ ਹੈ। ਅੱਜ ਪਾਰਾ 45 ਡਿਗਰੀ ਦੇ ਨੇੜੇ ਪੁੱਜ ਗਿਆ। ਪੰਜਾਬ ਵਿੱਚ ਬਠਿੰਡਾ ਤੇ ਹਰਿਆਣਾ ’ਚ ਰੋਹਤਕ ਸਭ ਤੋਂ ਗਰਮ ਰਹੇ। ਮੌਸਮ ਵਿਗਿਆਨੀਆਂ ਨੇ ਅਗਲੇ ਤਿੰਨ ਦਿਨ ਦੋਵਾਂ ਰਾਜਾਂ ਵਿੱਚ ਅਤਿ ਦੀ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਲਈ 8 ਤੋਂ 10 ਜੂਨ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਗਰਮੀ ਵਧਣ ਨਾਲ ਬਿਜਲੀ ਦੀ ਮੰਗ ਨੇ ਵੀ ਸ਼ੂਟ ਵੱਟ ਲਈ ਹੈ।

ਅਤਿ ਦੀ ਗਰਮੀ ਕਰ ਕੇ ਨਾ ਸਿਰਫ਼ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ, ਬਲਕਿ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵਧਣ ਲੱਗੀਆਂ ਹਨ। ਕਿਸਾਨਾਂ ਨੂੰ ਫ਼ਸਲਾਂ ਸੁੱਕਣ ਦਾ ਡਰ ਸਤਾਉਣ ਲੱਗਾ ਹੈ। ਕਿਸਾਨਾਂ ਨੂੰ ਫਲਾਂ ਤੇ ਸਬਜ਼ੀਆਂ ਨੂੰ ਇਕ ਦਿਨ ਛੱਡ ਕੇ ਪਾਣੀ ਦੇਣਾ ਪੈ ਰਿਹਾ ਹੈ। ਦੂਜੇ ਪਾਸੇ ਪੰਜਾਬ ਦੇ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਝੋਨੇ ਦੀ ਲੁਆਈ ਸ਼ੁਰੂ ਹੋ ਗਈ ਹੈ, ਜਿੱਥੇ ਕਿਸਾਨਾਂ ਨੂੰ ਗਰਮੀ ਵਿੱਚ ਕੰਮ ਕਰਨਾ ਪੈ ਰਿਹਾ ਹੈ। ਬਾਕੀ ਰਹਿੰਦੇ ਜ਼ਿਲ੍ਹਿਆਂ ਵਿੱਚ ਝੋਨੇ ਦੀ ਲੁਆਈ 9 ਜੂਨ ਤੋਂ ਸ਼ੁਰੂ ਹੋ ਜਾਵੇਗੀ। ਸੂਬੇ ਵਿੱਚ ਗਰਮੀ ਵਧਣ ਕਰ ਕੇ ਮੁੜ ਬਿਜਲੀ ਦੀ ਮੰਗ ਵਧਣੀ ਸ਼ੁਰੂ ਹੋ ਗਈ ਹੈ। ਅੱਜ ਪੰਜਾਬ ਵਿੱਚ ਬਿਜਲੀ ਦੀ ਮੰਗ 12 ਹਜ਼ਾਰ ਮੈਗਾਵਾਟ ਤੋਂ ਟੱਪ ਗਈ ਹੈ। ਹਾਲਾਂਕਿ ਪਿਛਲੇ ਦਿਨੀਂ ਇਹ ਮੰਗ 10 ਹਜ਼ਾਰ ਮੈਗਾਵਾਟ ਰਹਿ ਗਈ ਸੀ। ਬਿਜਲੀ ਦੀ ਮੰਗ ਘਟਣ ਕਰ ਕੇ ਬਿਜਲੀ ਵਿਭਾਗ ਨੇ ਸੁੱਖ ਦਾ ਸਾਹ ਲਿਆ ਸੀ। ਹਾਲਾਂਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਵਧਣ ਦੇ ਨਾਲ ਹੀ ਮੁੜ ਤੋਂ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਨੂੰ ਟੱਪ ਸਕਦੀ ਹੈ। ਵਿਭਾਗ ਦੇ ਅਧਿਕਾਰੀਆਂ ਨੇ ਬਿਜਲੀ ਦੀ ਵਧਦੀ ਮੰਗ ਨੂੰ ਵੇਖਦਿਆਂ ਸਾਰੇ ਪੁਖ਼ਤਾ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਹੈ। ਪੰਜਾਬ ਵਿੱਚ ਅੱਜ ਬਠਿੰਡਾ ਤੇ ਹਰਿਆਣਾ ਵਿੱਚ ਰੋਹਤਕ ਸਭ ਤੋਂ ਗਰਮ ਰਹੇ। ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 44.8 ਡਿਗਰੀ ਅਤੇ ਰੋਹਤਕ ਵਿੱਚ 43.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦਾ ਤਾਪਮਾਨ 40.9 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 42 ਡਿਗਰੀ, ਪਟਿਆਲਾ ਵਿੱਚ 41.6 ਡਿਗਰੀ, ਪਠਾਨਕੋਟ ਵਿੱਚ 40.5 ਡਿਗਰੀ, ਫਰੀਦਕੋਟ ਵਿੱਚ 42.5, ਗੁਰਦਾਸਪੁਰ ਵਿੱਚ 40, ਫਾਜ਼ਿਲਕਾ ਵਿੱਚ 42.2 ਡਿਗਰੀ ਸੈਲਸੀਅਸ ਤੇ ਫਿਰੋਜ਼ਪੁਰ ਵਿੱਚ 40.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Share: