ਵੈਨਕੂਵਰ : ਕੈਨੇਡਾ ਦੀ ਦੁਰਾਮ ਖੇਤਰੀ ਪੁਲੀਸ ਨੇ ਪ੍ਰੋਜੈਕਟ ਜੈਟਸੈਟਰ ਤਹਿਤ ਲੰਮੇ ਸਮੇਂ ਦੀ ਜਾਂਚ ਤੋਂ ਬਾਅਦ ਕੈਨੇਡਾ ’ਚ ਅਪਰਾਧ ਰਾਹੀਂ ਪੈਸਾ ਬਣਾਉਣ ਆਏ ਆਏ ਸੈਲਾਨੀਆਂ ਦਾ ਪ੍ਰਦਾਫਾਸ਼ ਕਰਕੇ ਦੇਸ਼ ਦੇ ਅਵਾਸ ਵਿਭਾਗ ਨੂੰ ਚੌਕਸ ਕੀਤਾ ਹੈ। ਇਸ ਵਰਤਾਰੇ ਨੂੰ ਕ੍ਰਿਮੀਨਲ ਟੂਰਿਸਜਮ ਦਾ ਨਾਂਅ ਦਿੰਦੇ ਹੋਏ ਪੁਲੀਸ ਨੇ ਦੇਸ਼ ਦੀਆਂ ਖੁਫੀਆ ਸੇਵਾਵਾਂ ਮੂਹਰੇ ਚੁਣੌਤੀ ਖੜੀ ਕਰ ਦਿੱਤੀ ਹੈ ਕਿ ਉਹ ਵਿਦੇਸ਼ੀਆਂ ਦੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖਣ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੁਰਾਮ ਖੇਤਰੀ ਪੁਲੀਸ ਦੇ ਮੁੱਖੀ ਪੀਟਰ ਮੋਰੈਰੇ ਨੇ ਦੱਸਿਆ ਕਿ ਕੁਝ ਮਹੀਨਿਆਂ ਤੋਂ ਚੋਰੀਆਂ, ਲੁੱਟਾਂ, ਵਾਹਨ ਚੋਰੀ ਅਤੇ ਫੋਨ ਕਰਕੇ ਬਜੁਰਗਾਂ ਨਾਲ ਠੱਗੀਆਂ ਦੇ ਮਾਮਲਿਆਂ ਦੀ ਜਾਂਚ ’ਚ ਪਤਾ ਲੱਗਾ ਕਿ ਇੰਨਾਂ ਚੋਂ ਬਹੁਤੇ ਅਪਰਾਧ ਵਿਦੇਸ਼ਾਂ ਤੋਂ ਆਏ ਸੰਗਠਤ ਅਪਰਾਧੀ ਟੋਲਿਆਂ ਵਲੋਂ ਕੀਤੇ ਜਾਂਦੇ ਹਨ, ਜੋ ਇਸੇ ਨੀਅਤ ਨਾਲ ਸੈਲਾਨੀ ਬਣਕੇ ਕੈਨੇਡਾ ਆਏ ਹੋਏ ਸਨ।
ਪੁਲੀਸ ਮੁਖੀ ਨੇ ਦੱਸਿਆ ਕਿ ਹੁਣ ਤੱਕ ਪਛਾਣੇ ਗਏ ਇੰਨਾਂ ਅਪਰਾਧੀਆਂ ‘ਚ ਬਹੁਤੇ ਰੋਮਾਨੀਆ ਤੋਂ ਤੇ ਕੁਝ ਭਾਰਤ ਤੋਂ ਹਨ। ਪਛਾਣੇ ਗਏ ਅਪਰਾਧੀਆਂ ’ਚੋਂ 46 ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦ ਕਿ 64 ਹੋਰਾਂ ਦੀਆਂ ਫੋਟੋਆਂ ਜਨਤਕ ਕੀਤੀਆਂ ਗਈਆਂ ਹਨ ਤਾਂ ਲੋਕ ਇੰਨਾਂ ਨੂੰ ਫੜਵਾਉਣ ਚ ਪੁਲੀਸ ਦੀ ਮਦਦ ਕਰ ਸਕਣ।
ਫੜੇ ਜਾਣ ਵਾਲਿਆਂ ’ਚ ਭਾਰਤੀ ਮੂਲ ਦੇ ਅਰਸ਼ਦੀਪ ਸਿੰਘ ਗੁਰਮ, ਅਰਸ਼ਜੋਤ ਸਿੰਘ ਢਿਲੋਂ,ਜਗਦੀਪ ਸਿੰਘ, ਗੁਪਪਰੀਤ ਕੌਰ, ਸਾਵਨ ਧਰਮੇਸ਼ ਭਾਈ ਹਨ, ਜਦ ਪੰਜ ਹੋਰਾਂ ਅਮਰਜੀਤ ਸਿੰਘ ਗਿੱਲ, ਅਰਮਾਨ ਸਰਮਾ, ਹਰਸਿਮਰਨ ਸਿੰਘ ਢਿਲੋਂ, ਗੁਰਿੰਦਰ ਸਿੰਘ ਅਤੇ ਜਗਦੀਪ ਸਿੰਘ ਦੀ ਭਾਲ ਜਾਰੀ ਹੈ। ਪੁਲੀਸ ਮੁਖੀ ਨੇ ਦੱਸਿਆ ਕਿ ਇਹ ਲੋਕ ਕੁਝ ਦਿਨਾਂ ਬਾਦ ਆਪਣੇ ਅੱਡੇ ਬਦਲਦੇ ਰਹਿੰਦੇ ਸਨ ਤਾਂ ਕਿ ਨਵੇਂ ਲੋਕਾਂ ਨੂੰ ਝਾਂਸੇ ’ਚ ਲੈਕੇ ਠੱਗੀ ਮਾਰਨੀ ਸੁਖਾਲੀ ਹੋਵੇ। ਉਸਨੇ ਦੱਸਿਆ ਕਿ ਇੰਨਾਂ ਵਲੋਂ ਕੀਤੀਆਂ 200 ਤੋਂ ਵੱਧ ਅਪਰਾਧਕ ਘਟਨਾਵਾਂ ’ਚ 26 ਲੱਖ ਡਾਲਰ ਦੀ ਠੱਗੀ, ਚੋਰੀ ਅਤੇ ਲੁੱਟ ਕੀਤੀ ਗਈ ਜਿਸ ਕਾਰਨ ਇੰਨਾਂ ਤੇ 1146 ਅਪਰਾਧਿਕ ਧਾਰਾਵਾਂ ਲਾਈਆਂ ਗਈਆਂ ਹਨ।
ਪੁਲੀਸ ਅਨੁਸਾਰ ਫੜੇ ਗਏ ਦੋਸ਼ੀ ਦੁਰਾਮ ਖੇਤਰ ’ਚ ਹੀ ਅਪਰਾਧ ਕਰਦੇ ਸਨ, ਜਦ ਕਿ ਇਹ ਵਰਤਾਰਾ ਪੂਰੇ ਅਪਰਾਧੀ ਮਾਨਸਿਕਤਾ ਵਾਲੇ ਸੈਲਾਨੀ ਦੇਸ਼ ‘ਚ ਚਲਾ ਰਹੇ ਹਨ । ਇਹ ਲੋਕ ਆਮ ਕਰਕੇ ਫੋਨ ਕਾਲ ਰਾਹੀਂ ਜਾਂ ਓਨਲਾਈਨ ਠੱਗੀ ਨੂੰ ਤਜਰੀਹ ਦਿੰਦੇ ਹਨ, ਪਰ ਨਾਲੋ ਨਾਲ ਚੋਰੀ, ਲੁੱਟ ਅਤੇ ਝਪਟ ਵੀ ਕਰਦੇ ਹਨ। ਇਹ ਅਕਸਰ ਵਾਹਨ ਖਰੀਦਾਰ ਬਣਕੇ ਵੇਚਣ ਵਾਲੇ ਤੋਂ ਟੈਸਟ ਕਰਨ ਦੇ ਬਹਾਨੇ ਵਾਹਨ ਲੈਕੇ ਭੱਜ ਜਾਂਦੇ ਹਨ। ਔਰਤਾਂ ਦੇ ਗਲਾਂ ਤੇ ਹੱਥਾਂ ਚੋਂ ਸੋਨੇ ਦੇ ਗਹਿਣੇ ਵੀ ਝਪਟਦੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਖੇਤਰਾਂ ਦੀ ਪੁਲੀਸ ਨੂੰ ਇੰਨਾਂ ਦੇ ਢੰਗਾਂ ਬਾਰੇ ਚੌਕਸ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਵਲੋਂ ਵੀ ਪਛਾਣੇ ਗਏ ਦੋਸ਼ੀਆਂ ਨੂੰ ਫੜਨ ਲਈ ਕਾਰਵਾਈ ਜਾਰੀ ਰਹੇਗੀ।

