ਅੰਮ੍ਰਿਤਸਰ : ਦਲ ਖ਼ਾਲਸਾ ਤੇ ਇਸ ਦੀਆਂ ਸਹਿਯੋਗੀ ਜਥੇਬੰਦੀਆਂ ਨੇ ਅੱਜ ਘੱਲੂਘਾਰਾ ਦਿਵਸ ਦੀ ਪੂਰਵ ਸੰਧਿਆ ’ਤੇ ਅੰਮ੍ਰਿਤਸਰ ਵਿੱਚ ਘੱਲੂਘਾਰਾ ਯਾਦਗਾਰੀ ਮਾਰਚ ਕੱਢਿਆ। ਇਸ ਮੌਕੇ ਜਥੇਬੰਦੀਆਂ ਵੱਲੋਂ ਸਮੁੱਚੇ ਵਿਸ਼ਵ ਵਿੱਚ ਵਸਦੇ ਸਿੱਖਾਂ ਨੂੰ ਛੇ ਜੂਨ ਨੂੰ ਖ਼ਾਲਿਸਤਾਨ ਦਿਵਸ ਵਜੋਂ ਮਨਾਉਣ ਦੀ ਅਪੀਲ ਕੀਤੀ ਗਈ। ਦਲ ਖ਼ਾਲਸਾ ਵੱਲੋਂ ਜੂਨ 1984 ਸਾਕਾ ਨੀਲਾ ਤਾਰਾ ਫ਼ੌਜੀ ਹਮਲੇ ਦੇ ਰੋਸ ਅਤੇ ਰੋਹ ਵਜੋਂ ਭਲਕੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਦਲ ਖ਼ਾਲਸਾ ਨਾਲ ਜੁੜੇ ਨੌਜਵਾਨਾਂ ਨੇ ਅੰਮ੍ਰਿਤਸਰ ਦੀਆਂ ਸੜਕਾਂ ’ਤੇ ‘ਘੱਲੂਘਾਰਾ ਯਾਦਗਾਰੀ ਪਰੇਡ’ ਦੇ ਨਾਮ ਹੇਠ ਇਹ ਮਾਰਚ ਕੱਢਿਆ, ਜਿਸ ਵਿੱਚ ਢੱਠੇ ਅਕਾਲ ਤਖ਼ਤ ਦੀ ਤਸਵੀਰ ਅਤੇ ਫ਼ੌਜ ਵਿਰੁੱਧ ਲੜਦੇ ਹੋਏ ਸ਼ਹੀਦ ਹੋਣ ਵਾਲਿਆਂ ਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ। ਮਾਰਚ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਆਰੰਭ ਹੋ ਕੇ ਅਕਾਲ ਤਖ਼ਤ ’ਤੇ ਸਮਾਪਤ ਹੋਇਆ। ਜਿੱਥੇ ਸ਼ਹੀਦਾਂ ਨਮਿਤ ਅਰਦਾਸ ਕੀਤੀ ਗਈ।
ਪਾਰਟੀ ਲੀਡਰ ਕੰਵਰਪਾਲ ਸਿੰਘ ਨੇ ਮੀਡੀਆ ਨੂੰ ਆਖਿਆ ਕਿ ਅੱਜ ਅੰਮ੍ਰਿਤਸਰ ਵਿੱਚ ਘੱਲੂਘਾਰਾ ਯਾਦਗਾਰੀ ਮਾਰਚ ਰਾਹੀ ਦਰਬਾਰ ਸਾਹਿਬ ਦੀ ਅਜ਼ਮਤ ਖਾਤਰ ਲੜਾਈ ਲੜਨ ਵਾਲਿਆ ਨੂੰ ਸ਼ਰਧਾਂਜਲੀ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਈਮਾਨ ਸਿੰਘ ਮਾਨ ਨੇ ਕਿਹਾ ਕਿ “ਜੂਨ 1984 ਦੇ ਸ਼ਹੀਦਾਂ ਦੀ ਕੁਰਬਾਨੀ” ਨੂੰ ਕਦੇ ਵੀ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ। ਦਲ ਖ਼ਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਸਿੱਖਾਂ ਨੂੰ 6 ਜੂਨ ਨੂੰ ‘ਖ਼ਾਲਿਸਤਾਨ ਦਿਵਸ’ ਵਜੋਂ ਮਨਾਉਣ ਦੀ ਅਪੀਲ ਕੀਤੀ।
ਪੁੱਤਰਾਂ ਦੀਆਂ ਤਸਵੀਰਾਂ ਦੇਖ ਕੇ ਮਾਂ ਭਾਵੁਕ ਹੋਈ
ਇੱਕ ਬਜ਼ੁਰਗ ਔਰਤ ਅੱਜ ਉਸ ਵੇਲੇ ਭਾਵੁਕ ਹੋ ਗਈ ਜਦੋਂ ਉਸ ਨੇ ਸ੍ਰੀ ਦਰਬਾਰ ਸਾਹਿਬ 1984 ਸ਼ਹੀਦੀ ਗੈਲਰੀ ’ਚ ਆਪਣੇ ਦੋ ਪੁੱਤਰਾਂ ਦੀਆਂ ਤਸਵੀਰਾਂ ਨੂੰ ਦੇਖਿਆ। ਉਹ ਅੱਜ ਇੱਥੇ ਆਪਣੇ ਪੁੱਤਰਾਂ ਦੀਆਂ ਤਸਵੀਰਾਂ ਨੂੰ ਦੇਖਣ ਵਾਸਤੇ ਹੀ ਆਈ ਸੀ। ਮਾਤਾ ਜਗੀਰ ਕੌਰ ਦੇ ਦੋ ਪੁੱਤਰ ਮਨਜੀਤ ਸਿੰਘ ਅਤੇ ਹਰਦੀਪ ਸਿੰਘ ਪਿੰਡ ਸ਼ਾਹਪੁਰ ਜਾਜਨ ਜ਼ਿਲ੍ਹਾ ਗੁਰਦਾਸਪੁਰ ਜੂਨ 1984 ਫ਼ੌਜੀ ਹਮਲੇ ਵਿੱਚ ਦਰਬਾਰ ਸਾਹਿਬ ਵਿੱਚ ਮਾਰੇ (ਸ਼ਹੀਦ ਹੋ) ਗਏ ਸਨ। ਮਾਤਾ ਜਦੋਂ ਸ਼ਹੀਦੀ ਗੈਲਰੀ ਵਿੱਚ ਆਪਣੇ ਪੁੱਤਰਾਂ ਦੀਆਂ ਤਸਵੀਰਾਂ ਦੇਖ ਰਹੇ ਸਨ ਤਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਉੱਥੇ ਪਹੁੰਚੇ। ਉਨ੍ਹਾਂ ਮਾਤਾ ਨਾਲ ਗੱਲਬਾਤ ਕੀਤੀ ਅਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਜਥੇਦਾਰ ਨੇ ਮਾਤਾ ਜਗੀਰ ਕੌਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕੋਲੋਂ ਪੁੱਤਰਾਂ ਨਾਲ ਵਾਪਰੀ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਮਾਤਾ ਦਾ ਸੰਪਰਕ ਨੰਬਰ ਵੀ ਲਿਆ ਅਤੇ ਉਨ੍ਹਾਂ ਦੇ ਘਰ ਜਾਣ ਦੀ ਗੱਲ ਵੀ ਆਖੀ। ਸ਼ਹੀਦੀ ਗੈਲਰੀ ਵਿੱਚ ਫ਼ੌਜੀ ਹਮਲੇ ਸਮੇਂ ਮਾਰੇ ਗਏ ਸੈਂਕੜੇ ਸਿੱਖਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ।
ਸਿੱਖਾਂ ਖ਼ਿਲਾਫ਼ ਨਫ਼ਰਤ ਸਾਜ਼ਿਸ਼ ਕਰਾਰ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬਰਤਾਨੀਆ ਦੇ ਨੌਜਵਾਨ ਹੈਨਰੀ ਨੋਵਾਕ ਦੇ ਕਤਲ ਮਾਮਲੇ ਵਿੱਚ ਆਖਿਆ ਕਿ ਕਿਸੇ ਇੱਕ ਦੀ ਮਾੜੀ ਹਰਕਤ ਕਾਰਨ ਸਮੁੱਚੀ ਕੌਮ ਨੂੰ ਬਦਨਾਮ ਕਰਨਾ ਜਾਇਜ਼ ਨਹੀਂ। ਉਨ੍ਹਾਂ ਹੈਨਰੀ ਨੋਵਾਕ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਬਰਤਾਨੀਆ ਦੀ ਅਦਾਲਤ ਨੇ ਵਿਕਰਮ ਸਿੰਘ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਪਰ ਕੁਝ ਤਾਕਤਾਂ ਦਾ ਸਮੁੱਚੀ ਸਿੱਖ ਕੌਮ ਨੂੰ ਨਿਸ਼ਾਨਾ ਬਣਾਉਣਾ, ਕਿਰਪਾਨ ਉੱਤੇ ਪਾਬੰਦੀ ਦੀ ਮੰਗ ਕਰਨਾ ਅਤੇ ਨਫ਼ਰਤ ਦੇ ਸ਼ਿਕਾਰ ਹੋ ਕੇ ਸਿਆਸਤ ਕਰਨਾ ਡੂੰਘੀ ਸਾਜ਼ਿਸ਼ ਲਗਦੀ ਹੈ। ਉਨ੍ਹਾਂ ਬਰਤਾਨੀਆ ਦੀਆਂ ਸਮੂਹ ਸਿੱਖ ਜਥੇਬੰਦੀਆਂ ਨੂੰ ਤਾਕੀਦ ਕੀਤੀ ਕਿ ਉਹ ਹੈਨਰੀ ਨੋਵਾਕ ਦੇ ਪਰਿਵਾਰ ਨਾਲ ਖੜ੍ਹੀਆਂ ਹੋਣ ਅਤੇ ਉਨ੍ਹਾਂ ਦਾ ਸਾਥ ਦੇਣ।

