Panchkula Shootout: ਪੁਲੀਸ ਮੁਕਾਬਲੇ ਵਿੱਚ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਗੈਂਗ ਦੇ 2 ਸ਼ੂਟਰ ਗ੍ਰਿਫਤਾਰ

Panchkula Shootout: ਪੁਲੀਸ ਮੁਕਾਬਲੇ ਵਿੱਚ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਗੈਂਗ ਦੇ 2 ਸ਼ੂਟਰ ਗ੍ਰਿਫਤਾਰ

ਪੰਚਕੂਲਾ : ਪੰਚਕੂਲਾ ਵਿੱਚ ਬੁੱਧਵਾਰ ਦੇਰ ਰਾਤ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਗੈਂਗ ਦੇ ਸ਼ੂਟਰਾਂ ਨੇ ਨਗਰ ਨਿਗਮ ਵਾਰਡ-1 ਦੀ ਕੌਂਸਲਰ ਦੇ ਦਿਓਰ ਰਤਨ ਲੁਬਾਣਾ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪੂਰੀ ਟ੍ਰਾਈਸਿਟੀ ਵਿੱਚ ਹੜਕੰਪ ਮਚ ਗਿਆ। ਹਾਲਾਂਕਿ, ਪੁਲੀਸ ਨੇ ਤੇਜ਼ੀ ਦਿਖਾਉਂਦੇ ਹੋਏ ਨਾਕਾਬੰਦੀ ਕੀਤੀ ਅਤੇ ਕੁਝ ਹੀ ਘੰਟਿਆਂ ਵਿੱਚ ਮੁਕਾਬਲੇ ਤੋਂ ਬਾਅਦ ਦੋਵਾਂ ਸ਼ੂਟਰਾਂ ਨੂੰ ਕਾਬੂ ਕਰ ਲਿਆ।

ਸਵਿਸ ਲਾਉਂਜ ਦੇ ਬਾਹਰ ਤਾਬੜਤੋੜ ਫਾਇਰਿੰਗ

ਜਾਣਕਾਰੀ ਅਨੁਸਾਰ ਰਤਨ ਲੁਬਾਣਾ ਬੁੱਧਵਾਰ ਰਾਤ ਕਰੀਬ 12 ਵਜੇ ਸੈਕਟਰ-5 ਸਥਿਤ ਸਵਿਸ ਲਾਉਂਜ ਤੋਂ ਬਾਹਰ ਨਿਕਲ ਰਹੇ ਸਨ। ਉਦੋਂ ਹੀ ਪਲਸਰ ਬਾਈਕ ‘ਤੇ ਸਵਾਰ ਦੋ ਬਦਮਾਸ਼ਾਂ ਨੇ ਉਨ੍ਹਾਂ ‘ਤੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਬਦਮਾਸ਼ਾਂ ਨੇ ਕਰੀਬ 8 ਰਾਉਂਡ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਰਤਨ ਲੁਬਾਣਾ ਨੂੰ ਲੱਗ ਗਈ। ਹਮਲੇ ਦੌਰਾਨ ਬਦਮਾਸ਼ਾਂ ਨੇ ਪਿਸਤੌਲ ਲੋਡ ਕਰਦੇ ਸਮੇਂ ਦੋ ਕਾਰਤੂਸ ਮੌਕੇ ‘ਤੇ ਹੀ ਡੇਗ ਦਿੱਤੇ। ਇਸ ਤੋਂ ਬਾਅਦ ਉਹ ਵਾਰਦਾਤ ਨੂੰ ਅੰਜਾਮ ਦੇ ਕੇ ਯਮੁਨਾਨਗਰ ਹਾਈਵੇਅ ਵੱਲ ਫਰਾਰ ਹੋ ਗਏ। ਘਟਨਾ ਵਿੱਚ ਇੱਕ ਸਥਾਨਕ ਵਿਅਕਤੀ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਹੈ।

ਵੇਰਵਿਆਂ ਅਨੁਸਾਰ ਘਟਨਾ ਦੇ ਸਮੇਂ ਡਿਟੈਕਟਿਵ ਸਟਾਫ ਦਾ ਇੱਕ ਜਵਾਨ ਮੌਕੇ ‘ਤੇ ਮੌਜੂਦ ਸੀ, ਜਿਸ ਨੇ ਤੁਰੰਤ ਬਦਮਾਸ਼ਾਂ ਦਾ ਪਿੱਛਾ ਕੀਤਾ ਅਤੇ ਪੁਲੀਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਡਿਟੈਕਟਿਵ ਟੀਮ, ਕ੍ਰਾਈਮ ਬ੍ਰਾਂਚ-26 ਅਤੇ ਐਂਟੀ ਨਾਰਕੋਟਿਕਸ ਸੈੱਲ ਹਰਕਤ ਵਿੱਚ ਆ ਗਏ ਅਤੇ ਪੰਚਕੂਲਾ ਦੇ ਮੱਟਾਵਾਲਾ ਫਲਾਈਓਵਰ ਦੇ ਕੋਲ ਨਾਕਾਬੰਦੀ ਕਰ ਦਿੱਤੀ। ਨਾਕਾਬੰਦੀ ਦੌਰਾਨ ਬਦਮਾਸ਼ਾਂ ਨੇ ਪੁਲੀਸ ਟੀਮ ‘ਤੇ ਫਾਇਰਿੰਗ ਕਰ ਦਿੱਤੀ ਅਤੇ ਬੇਲਾ ਵਿਸਟਾ ਚੌਕ ਤੇ ਨਾਡਾ ਸਾਹਿਬ ਇਲਾਕੇ ਵਿੱਚ ਪੁਲੀਸ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ, ਪੁਲੀਸ ਮੁਲਾਜ਼ਮ ਸੁਰੱਖਿਅਤ ਬਚ ਗਏ।

ਇਸ ਤੋਂ ਬਾਅਦ ਪੁਲੀਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਇਆ। ਜਵਾਬੀ ਕਾਰਵਾਈ ਵਿੱਚ ਦੋਵਾਂ ਸ਼ੂਟਰਾਂ ਦੇ ਗੋਡਿਆਂ ਵਿੱਚ ਗੋਲੀਆਂ ਲੱਗੀਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਜ਼ਖਮੀ ਬਦਮਾਸ਼ਾਂ ਨੂੰ ਪਹਿਲਾਂ ਪੰਚਕੂਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਗੰਭੀਰ ਹਾਲਤ ਦੇ ਚਲਦਿਆਂ ਉਨ੍ਹਾਂ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।

ਇਸ ਦੌਰਾਨ ਮੁਲਜ਼ਮਾਂ ਦੀ ਪਛਾਣ ਪੰਜਾਬ ਦੇ ਲੁਧਿਆਣਾ ਨਿਵਾਸੀ ਜਸਵਿੰਦਰ ਅਤੇ ਹੁਸ਼ਿਆਰਪੁਰ ਨਿਵਾਸੀ ਹਰਪ੍ਰੀਤ ਵਜੋਂ ਹੋਈ ਹੈ। ਦੋਵਾਂ ‘ਤੇ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਗੈਂਗ ਨਾਲ ਜੁੜੇ ਹੋਣ ਦਾ ਦੋਸ਼ ਹੈ। ਜਸਵਿੰਦਰ ‘ਤੇ ਪਹਿਲਾਂ ਤੋਂ ਹੀ ਕਤਲ ਦੇ ਯਤਨ ਦੇ ਦੋ ਮਾਮਲੇ ਦਰਜ ਦੱਸੇ ਜਾ ਰਹੇ ਹਨ। ਪੁਲੀਸ ਅਨੁਸਾਰ ਦੋਵਾਂ ਮੁਲਜ਼ਮਾਂ ਨੇ ਇਸ ਪੂਰੀ ਵਾਰਦਾਤ ਵਿੱਚ ਲਗਪਗ 18 ਗੋਲੀਆਂ ਚਲਾਈਆਂ ਅਤੇ ਉਨ੍ਹਾਂ ਕੋਲੋਂ ਦੋ ਸੈਮੀ-ਆਟੋਮੈਟਿਕ ਪਿਸਤੌਲ ਬਰਾਮਦ ਕੀਤੇ ਗਏ ਹਨ। ਫਿਲਹਾਲ ਪੁਲੀਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਹਮਲੇ ਦੇ ਪਿੱਛੇ ਪੂਰੀ ਸਾਜ਼ਿਸ਼ ਕੀ ਸੀ।

Share: