CBSE revaluation ਪੋਰਟਲ ’ਤੇ ਮੁੜ ਮੁਲਾਂਕਣ ਲਈ 44,000 ਅਰਜ਼ੀਆਂ

CBSE revaluation ਪੋਰਟਲ ’ਤੇ ਮੁੜ ਮੁਲਾਂਕਣ ਲਈ 44,000 ਅਰਜ਼ੀਆਂ

ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ ਬੀ ਐੱਸ ਈ) ਨੇ ਕਿਹਾ ਕਿ ਕਰੀਬ 44,000 ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆਵਾਂ ਲਈ ਤਸਦੀਕ ਤੇ ਮੁੜ-ਮੁਲਾਂਕਣ ਦੀ ਸਹੂਲਤ ਦਾ ਲਾਭ ਲਿਆ ਹੈ ਤੇ ਬੁੱਧਵਾਰ ਸਵੇਰ ਤੱਕ ਅਰਜ਼ੀਆਂ ਦੇਣ ਦਾ ਅਮਲ ਪੂਰਾ ਹੋ ਗਿਆ ਸੀ। ਬੋਰਡ ਨੇ ਕਿਹਾ ਕਿ ਉਸ ਦੇ ਆਨਲਾਈਨ ਪੋਰਟਲ ਨੂੰ ਉੱਤਰ ਪੱਤਰੀਆਂ ਦੀ ਤਸਦੀਕ ਤੇ ਮੁੜ-ਮੁਲਾਂਕਣ ਲਈ ਕੁੱਲ 43,980 ਅਰਜ਼ੀਆਂ ਮਿਲੀਆਂ ਹਨ।

ਸੀ ਬੀ ਐੱਸ ਈ ਨੇ ਬੁੱਧਵਾਰ ਨੂੰ ਐਕਸ ’ਤੇ ਪੋਸਟ ਵਿੱਚ ਕਿਹਾ, ‘‘ਅੱਜ ਦੁਪਹਿਰੇ 12 ਵਜੇ ਤੱਕ ਪੋਰਟਲ ਨੇ ਤਸਦੀਕ ਲਈ 4,924 ਅਰਜ਼ੀਆਂ ਸਵੀਕਾਰ ਕੀਤੀਆਂ ਹਨ ਤੇ ਮੁੜ-ਮੁਲਾਂਕਣ ਲਈ 39,056 ਅਰਜ਼ੀਆਂ (ਕੁੱਲ 43,980 ਅਰਜ਼ੀਆਂ) ਪ੍ਰਾਪਤ ਹੋਈਆਂ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਸਟੇਟ ਬੈਂਕ ਆਫ਼ ਇੰਡੀਆ (ਐੱਸ ਬੀ ਆਈ), ਕੈਨਰਾ ਬੈਂਕ, ਬੈਂਕ ਆਫ਼ ਬੜੌਦਾ ਅਤੇ ਇੰਡੀਅਨ ਬੈਂਕ ਦੇ ਭੁਗਤਾਨ ਗੇਟਵੇ ਤਸਦੀਕ ਅਤੇ ਮੁੜ-ਮੁਲਾਂਕਣ ਪੋਰਟਲ ’ਤੇ ਉਪਲਬਧ ਹਨ, ਅਤੇ ਭੁਗਤਾਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਵਿਦਿਆਰਥੀਆਂ ਦਾ ਇਨ੍ਹਾਂ ਬੈਂਕਾਂ ਵਿੱਚ ਖਾਤਾ ਹੋਣਾ ਲਾਜ਼ਮੀ ਨਹੀਂ ਹੈ। ਬੋਰਡ ਨੇ ਕਿਹਾ ਕਿ ਉਮੀਦਵਾਰ ਯੂ ਪੀ ਆਈ, ਨੈੱਟ ਬੈਂਕਿੰਗ, ਕਰੈਡਿਟ ਕਾਰਡ ਤੇ ਡੈਬਿਟ ਕਾਰਡ ਸਣੇ ਨਿਰਧਾਰਿਤ ਗੇਟਵੇਜ਼ ਜ਼ਰੀਏ ਆਨਲਾਈਨ ਅਦਾਇਗੀ ਵਿਕਲਪਾਂ ਦੀ ਵਰਤੋਂ ਕਰ ਸਕਦੇ ਹਨ। ਬੋਰਡ ਨੇ ਕਿਹਾ ਕਿ ਸਹੀ ਜਾਣਕਾਰੀ ਲਈ ਸੀ ਬੀ ਐੱਸ ਈ ਦੇ ਅਧਿਕਾਰਤ ਸੰਚਾਰ ਉੱਤੇ ਯਕੀਨ ਕੀਤਾ ਜਾਵੇ।

Share: