ਬੰਗਾ : ਬੰਗਾ ਵਿੱਚੋਂ ਲੰਘਦੇ ਮੁੱਖ ਮਾਰਗ ਵਾਲੇ ਫਲਾਈਓਵਰ ਤੋਂ ਉੱਤਰਦਿਆਂ ਹੀ ਇੱਕ ਨਿੱਜੀ ਕੰਪਨੀ ਦੀ ਬੱਸ ਪਲਟ ਗਈ। ਇਸ ਹਾਦਸੇ ਦੌਰਾਨ ਬੱਸ ’ਚ ਸਵਾਰ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ 17 ਸਵਾਰੀਆਂ ਜ਼ਖ਼ਮੀ ਹੋ ਗਈਆਂ। ਮ੍ਰਿਤਕਾਂ ’ਚ ਬੱਸ ਦਾ ਕੰਡਕਟਰ ਵੀ ਸ਼ਾਮਲ ਸੀ। ਮੌਕੇ ਤੋਂ ਹਾਸਲ ਜਾਣਕਾਰੀ ਅਨੁਸਾਰ ਇਹ ਬੱਸ ਮਨਾਲੀ ਤੋਂ ਅੰਮ੍ਰਿਤਸਰ ਜਾ ਰਹੀ ਸੀ। ਜਿਉਂ ਹੀ ਇਹ ਹਾਦਸੇ ਵਾਲੀ ਥਾਂ ਪੁੱਜੀ ਤਾਂ ਸੰਤੁਲਨ ਵਿਗੜ ਜਾਣ ਕਾਰਨ ਪਲਟ ਗਈ ਤੇ ਸਵਾਰੀਆਂ ’ਚ ਚੀਕ-ਚਿਹਾੜਾ ਮਚ ਗਿਆ। ਜ਼ਖ਼ਮੀਆਂ ਨੂੰ ਨਜ਼ਦੀਕ ਪੈਂਦੇ ਢਾਹਾਂ ਕਲੇਰਾਂ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਖ਼ਮੀਆਂ ’ਚੋਂ ਵੀ ਇੱਕ ਜਣਾ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਡਰਾਈਵਰ ਨੂੰ ਨੀਂਦ ਦੀ ਝਪਕੀ ਆ ਜਾਣ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਥਾਣੇ ਦੀ ਪੁਲੀਸ ਰਾਹਗੀਰਾਂ ਦੇ ਸਹਿਯੋਗ ਨਾਲ ਰਾਹਤ ਕਾਰਜਾਂ ’ਚ ਜੁਟ ਗਈ ਸੀ। ਇਸ ਬੱਸ ’ਚ ਲਵਲੀ ਯੂਨੀਵਰਸਿਟੀ ਦੇ ਕੁਝ ਵਿਦਿਆਰਥੀ ਵੀ ਸਵਾਰ ਸਨ। ਹਾਦਸੇ ’ਚ ਬੱਸ ਵੀ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ।
Posted inNawanshahr (SBS Nagar)
Punjab News: ਸਵਾਰੀਆਂ ਨਾਲ ਭਰੀ ਬੱਸ ਪਲਟੀ; ਤਿੰਨ ਦੀ ਮੌਤ, 17 ਜ਼ਖ਼ਮੀ

