ਜਨਰਲ ਚੌਹਾਨ ਦਾ ਸੀਡੀਐੱਸ ਵਜੋਂ ਕਾਰਜਕਾਲ ਸਮਾਪਤ; ਲੈਫਟੀਨੈਂਟ ਜਨਰਲ ਸੁਬਰਾਮਨੀ ਸੰਭਾਲਣਗੇ ਅਹੁਦਾ

ਜਨਰਲ ਚੌਹਾਨ ਦਾ ਸੀਡੀਐੱਸ ਵਜੋਂ ਕਾਰਜਕਾਲ ਸਮਾਪਤ; ਲੈਫਟੀਨੈਂਟ ਜਨਰਲ ਸੁਬਰਾਮਨੀ ਸੰਭਾਲਣਗੇ ਅਹੁਦਾ

ਨਵੀਂ ਦਿੱਲੀ; ਸੇਵਾਮੁਕਤ ਹੋ ਰਹੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨੇ ਸ਼ਨਿਚਰਵਾਰ ਨੂੰ ਆਪਣੇ ਤਿੰਨ ਸਾਲ ਅਤੇ ਅੱਠ ਮਹੀਨਿਆਂ ਦੇ ਕਾਰਜਕਾਲ ਨੂੰ ‘ਬੇਹੱਦ ਤਸੱਲੀਬਖਸ਼’ ਦੱਸਿਆ, ਜਿਸ ਦੌਰਾਨ ਉਨ੍ਹਾਂ ਦਾ ਮੁੱਖ ਧਿਆਨ ਤਿੰਨਾਂ ਸੈਨਾਵਾਂ ਵਿਚਕਾਰ ਤਾਲਮੇਲ ਬਿਠਾਉਣ ‘ਤੇ ਰਿਹਾ। ਲੈਫਟੀਨੈਂਟ ਜਨਰਲ ਐੱਨਐੱਸ ਰਾਜਾ ਸੁਬਰਾਮਨੀ (ਸੇਵਾਮੁਕਤ) ਐਤਵਾਰ ਨੂੰ ਭਾਰਤ ਦੇ ਅਗਲੇ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਵਜੋਂ ਅਹੁਦਾ ਸੰਭਾਲਣਗੇ।

ਤਿੰਨਾਂ ਸੈਨਾਵਾਂ ਦੇ ਗਾਰਡ ਆਫ਼ ਆਨਰ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੇਵਾਮੁਕਤ ਹੋ ਰਹੇ ਸੀਡੀਐੱਸ ਨੇ ਕਿਹਾ ਕਿ ਉਨ੍ਹਾਂ ਦਾ ਕਾਰਜਕਾਲ ਸ਼ਾਨਦਾਰ ਰਿਹਾ ਹੈ। ਪੂਰਬੀ ਸੈਨਾ ਕਮਾਂਡਰ ਰਹੇ ਜਨਰਲ ਚੌਹਾਨ ਨੇ ਸਤੰਬਰ 2022 ਵਿੱਚ ਦੇਸ਼ ਦੇ ਸੀਨੀਅਰ ਫੌਜੀ ਕਮਾਂਡਰ ਵਜੋਂ ਅਹੁਦਾ ਸੰਭਾਲਿਆ ਸੀ, ਜਦੋਂ ਪਹਿਲੇ ਸੀਡੀਐੱਸ ਜਨਰਲ ਬਿਪਿਨ ਰਾਵਤ ਦੀ ਤਾਮਿਲਨਾਡੂ ਵਿੱਚ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਦੇ ਨਾਲ ਮਿਲ ਕੇ ‘ਅਪਰੇਸ਼ਨ ਸਿੰਧੂਰ’ ਦੀ ਯੋਜਨਾਬੰਦੀ ਅਤੇ ਅਮਲ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਖੇਤਰੀ ਸੁਰੱਖਿਆ ਸਥਿਤੀ ਨੂੰ ਦੇਖਦੇ ਹੋਏ ਭਾਰਤ ਦੀ ਫੌਜੀ ਤਾਕਤ ਨੂੰ ਵਧਾਉਣ ਲਈ ਤਾਲਮੇਲ ’ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਏਕੀਕ੍ਰਿਤ ਫੌਜੀ ਕਮਾਂਡਾਂ ਬਣਾ ਕੇ ਥੀਏਟਰਾਈਜ਼ੇਸ਼ਨ ਮਾਡਲ ਨੂੰ ਲਾਗੂ ਕਰਨ ਲਈ ਕਈ ਕਦਮ ਚੁੱਕੇ। ਜਨਰਲ ਚੌਹਾਨ, ਜੋ 1981 ਵਿੱਚ 11 ਗੋਰਖਾ ਰਾਈਫਲਜ਼ ਵਿੱਚ ਕਮਿਸ਼ਨ ਹੋਏ ਸਨ, ਨੇ ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬੀ ਭਾਰਤ ਵਿੱਚ ਅੱਤਵਾਦ ਵਿਰੋਧੀ ਕਾਰਵਾਈਆਂ ਵਿੱਚ ਵਿਆਪਕ ਤਜਰਬਾ ਹਾਸਲ ਕੀਤਾ ਹੈ ਅਤੇ ਉਨ੍ਹਾਂ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਸਮੇਤ ਕਈ ਵੱਕਾਰੀ ਤਗਮਿਆਂ ਨਾਲ ਨਿਵਾਜਿਆ ਗਿਆ ਹੈ।

Share: