ਨਵੀਂ ਦਿੱਲੀ : ਦੇਸ਼ ਅੰਦਰ ਨਕਦੀ (ਕਰੰਸੀ) ਦੀ ਲਗਾਤਾਰ ਵਧ ਰਹੀ ਮੰਗ ਨੂੰ ਦੇਖਦਿਆਂ ਭਾਰਤੀ ਰਿਜ਼ਰਵ ਬੈਂਕ (RBI) ਨੇ ਇੱਕ ਵਾਰ ਫਿਰ ਭਾਰਤ ਵਿੱਚ ‘ਪੌਲੀਮਰ’ (ਪਲਾਸਟਿਕ) ਦੇ ਬੈਂਕ ਨੋਟ ਪੇਸ਼ ਕਰਨ ਦੀ ਯੋਜਨਾ ’ਤੇ ਵਿਚਾਰ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈਆਂ ਮੀਡੀਆ ਰਿਪੋਰਟਾਂ ਮੁਤਾਬਕ, ਆਰਬੀਆਈ ਦੀਆਂ ਪਟਨਾ ਅਤੇ ਮੁੰਬਈ ਵਿਖੇ ਹੋਈਆਂ ਹਾਲੀਆ ਬੋਰਡ ਮੀਟਿੰਗਾਂ ਦੌਰਾਨ ਪਲਾਸਟਿਕ ਕਰੰਸੀ ਚਲਾਉਣ ਦੇ ਮੁੱਦੇ ’ਤੇ ਗੰਭੀਰ ਚਰਚਾ ਹੋਈ ਹੈ।
ਪੌਲੀਮਰ ਨੋਟਾਂ ਨੂੰ ਮੁੜ ਵਿਚਾਰਨ ਦਾ ਮੁੱਖ ਕਾਰਨ ਇਹ ਹੈ ਕਿ ਇਹ ਮੌਜੂਦਾ ਸੂਤੀ ਕਾਗਜ਼ (Cotton-based paper) ਵਾਲੇ ਨੋਟਾਂ ਦੇ ਮੁਕਾਬਲੇ ਕਿਤੇ ਵੱਧ ਟਿਕਾਊ ਹੁੰਦੇ ਹਨ ਅਤੇ ਇਨ੍ਹਾਂ ਦੀ ਉਮਰ ਵੀ ਲੰਮੀ ਹੁੰਦੀ ਹੈ। ਇਸ ਦੇ ਨਾਲ ਹੀ, ਲੰਮੇ ਸਮੇਂ ਦੇ ਨਜ਼ਰੀਏ ਤੋਂ ਇਨ੍ਹਾਂ ਨੂੰ ਛਾਪਣ ਦਾ ਖ਼ਰਚਾ ਵੀ ਰਵਾਇਤੀ ਕਾਗਜ਼ੀ ਨੋਟਾਂ ਨਾਲੋਂ ਘੱਟ ਪੈਂਦਾ ਹੈ। ਕੇਂਦਰੀ ਬੈਂਕ ਇਸ ਸਬੰਧੀ ਜਲਦ ਹੀ ਇੱਕ ‘ਪਾਇਲਟ ਪ੍ਰੋਜੈਕਟ’ (ਟਰਾਇਲ) ਦਾ ਐਲਾਨ ਕਰ ਸਕਦਾ ਹੈ ਅਤੇ ਇਹ ਨੋਟ ਏਟੀਐਮ (ATM) ਮਸ਼ੀਨਾਂ ਰਾਹੀਂ ਵੀ ਆਸਾਨੀ ਨਾਲ ਕੱਢੇ ਜਾ ਸਕਣਗੇ।
ਨੋਟਾਂ ਦੀ ਛਪਾਈ ’ਤੇ ਖ਼ਰਚੇ ਵਧੇ, ਖ਼ਰਾਬ ਨੋਟ ਬਣੇ ਸਿਰਦਰਦੀ
ਆਰਬੀਆਈ ਦੀ ਵਿੱਤੀ ਸਾਲ 2024-25 ਦੀ ਸਾਲਾਨਾ ਰਿਪੋਰਟ ਮੁਤਾਬਕ, ਦੇਸ਼ ਵਿੱਚ ਨੋਟਾਂ ਦੀ ਛਪਾਈ ਦਾ ਖ਼ਰਚਾ 5,101.4 ਕਰੋੜ ਰੁਪਏ ਤੋਂ ਵਧ ਕੇ 6,372.8 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਸ ਦਾ ਵੱਡਾ ਕਾਰਨ ਬਾਜ਼ਾਰ ਵਿੱਚ ਨਵੇਂ ਨੋਟਾਂ ਦੀ ਮੰਗ ਵਧਣਾ ਹੈ।
ਇਸ ਤੋਂ ਇਲਾਵਾ, ਮੈਲੇ ਅਤੇ ਖ਼ਰਾਬ (ਸੋਇਲਡ) ਹੋ ਚੁੱਕੇ ਨੋਟਾਂ ਨੂੰ ਨਸ਼ਟ ਕਰਨਾ ਵੀ ਬੈਂਕ ਲਈ ਵੱਡੀ ਚੁਣੌਤੀ ਬਣ ਰਿਹਾ ਹੈ। ਵਿੱਤੀ ਸਾਲ 2025 ਦੌਰਾਨ ਲਗਭਗ 23.8 ਅਰਬ ਖ਼ਰਾਬ ਨੋਟ ਚਲਨ ਵਿੱਚੋਂ ਬਾਹਰ ਕੀਤੇ ਗਏ, ਜੋ ਪਿਛਲੇ ਸਾਲ ਦੇ 21.24 ਅਰਬ ਨੋਟਾਂ ਦੇ ਮੁਕਾਬਲੇ 12.3 ਫ਼ੀਸਦੀ ਵੱਧ ਹਨ। ਬਾਜ਼ਾਰ ਵਿੱਚੋਂ ਸਭ ਤੋਂ ਵੱਧ ਖ਼ਰਾਬ ਹੋਏ ਨੋਟ 500 ਰੁਪਏ ਦੇ ਸਨ, ਜਦਕਿ ਦੂਜੇ ਨੰਬਰ ’ਤੇ 100 ਰੁਪਏ ਦੇ ਨੋਟ ਰਹੇ।
ਕੀ ਹੁੰਦੇ ਹਨ ਪੌਲੀਮਰ ਬੈਂਕ ਨੋਟ?
ਪੌਲੀਮਰ ਨੋਟਾਂ ਨੂੰ ਬਣਾਉਣ ਲਈ ਵਿਸ਼ੇਸ਼ ‘ਬਾਈ-ਐਕਸੀਅਲੀ ਓਰੀਐਂਟਡ ਪੌਲੀਪ੍ਰੋਪੀਲੀਨ’ (BOPP) ਫ਼ਿਲਮਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਨੋਟਾਂ ਵਿੱਚ ਆਧੁਨਿਕ ਸੁਰੱਖਿਆ ਵਿਸ਼ੇਸ਼ਤਾਵਾਂ ਅਤੇ ਅਡਵਾਂਸਡ ਐਂਟੀ-ਕਾਊਂਟਰਫੀਟਿੰਗ (ਨਕਲ-ਰੋਧੀ) ਤੱਤ ਸ਼ਾਮਲ ਹੁੰਦੇ ਹਨ, ਜਿਸ ਕਾਰਨ ਨਕਲੀ ਨੋਟ ਛਾਪਣਾ ਲਗਭਗ ਅਸੰਭਵ ਹੋ ਜਾਂਦਾ ਹੈ। ਇਹ ਨੋਟ ਪਾਣੀ (ਸਿੱਲ੍ਹ), ਮੋੜਨ ਅਤੇ ਬੈਕਟੀਰੀਆ ਕਾਰਨ ਖ਼ਰਾਬ ਨਹੀਂ ਹੁੰਦੇ। ਦੁਨੀਆ ਵਿੱਚ ਸਭ ਤੋਂ ਪਹਿਲਾਂ ਸਾਲ 1988 ਵਿੱਚ ਆਸਰੇਲੀਆ ਨੇ ਪੌਲੀਮਰ ਕਰੰਸੀ ਦੀ ਸ਼ੁਰੂਆਤ ਕੀਤੀ ਸੀ ਅਤੇ 1996 ਤੱਕ ਉਸ ਨੇ ਪੂਰੀ ਤਰ੍ਹਾਂ ਕਾਗਜ਼ੀ ਨੋਟ ਬੰਦ ਕਰ ਦਿੱਤੇ ਸਨ। ਇਸੇ ਤਰ੍ਹਾਂ, ਵਾਤਾਵਰਣ ਪੱਖੀ ਹੋਣ ਕਾਰਨ ਕੈਨੇਡਾ ਨੇ ਵੀ ਸਾਲ 2011 ਵਿੱਚ ਪਲਾਸਟਿਕ ਨੋਟ ਅਪਣਾ ਲਏ ਸਨ।

