Punjab Congress ’ਚ ਵੀ ਫੇਰਬਦਲ ਦੀ ਸੰਭਾਵਨਾ

Punjab Congress ’ਚ ਵੀ ਫੇਰਬਦਲ ਦੀ ਸੰਭਾਵਨਾ

ਚੰਡੀਗਡ਼੍ਹ: ਪੰਜਾਬ ਕਾਂਗਰਸ ’ਚ ਵੀ ਫੇਰਬਦਲ ਦਾ ਧੂੰਆਂ ਉੱਠਣ ਲੱਗਾ ਹੈ। ਆਲ ਇੰਡੀਆ ਕਾਂਗਰਸ ਕਮੇਟੀ ਨੇ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੀ ਹੰਗਾਮੀ ਮੀਟਿੰਗ ਸੱਦੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਦਿੱਲੀ ਵਿਚਲੀ ਰਿਹਾਇਸ਼ ’ਤੇ ਸ਼ਾਮੀਂ 4 ਵਜੇ ਹੋਣ ਵਾਲੀ ਮੀਟਿੰਗ ’ਚ ਪੰਜਾਬ ਕਾਂਗਰਸ ਦੇ ਪੰਜ ਸੀਨੀਅਰ ਆਗੂ ਸ਼ਮੂਲੀਅਤ ਕਰਨਗੇ। ਸੀਨੀਅਰ ਪਾਰਟੀ ਆਗੂ ਰਾਹੁਲ ਗਾਂਧੀ ਤੋਂ ਇਲਾਵਾ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਵੀ ਮੀਟਿੰਗ ’ਚ ਹਾਜ਼ਰ ਰਹਿਣਗੇ। ਪੰਜਾਬ ਭਾਜਪਾ ਵੱਲੋਂ ਨਵੇਂ ਪ੍ਰਧਾਨ ਦਾ ਐਲਾਨ ਕੀਤੇ ਜਾਣ ਮਗਰੋਂ ਹੁਣ ਕਾਂਗਰਸ ਵੀ ਸਰਗਰਮ ਹੋ ਗਈ ਹੈ। ਇਸ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਸੂਬਾਈ ਚੋਣਾਂ ’ਚ ਉਲਝੀ ਸੀ। ਭਲਕੇ ਹੋਣ ਵਾਲੀ ਮੀਟਿੰਗ ’ਚ ਪ੍ਰਧਾਨਗੀ ’ਚ ਫੇਰਬਦਲ ਸਬੰਧੀ ਵਿਚਾਰ ਵਟਾਂਦਰਾ ਹੋ ਸਕਦਾ ਹੈ। ਹਾਈਕਮਾਨ ਕਿਸੇ ਵੀ ਫੇਰਬਦਲ ਤੋਂ ਪਹਿਲਾਂ ਸੀਨੀਅਰ ਆਗੂਆਂ ਨੂੰ ਭਰੋਸੇ ’ਚ ਲੈਣਾ ਚਾਹੁੰਦੀ ਹੈ। ਸੂਤਰਾਂ ਅਨੁਸਾਰ ਭਲਕੇ ਦੀ ਮੀਟਿੰਗ ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਚੰਨੀ (ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ), ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਜੈ ਇੰਦਰ ਸਿੰਗਲਾ ਸ਼ਾਮਲ ਹੋਣਗੇ। ਭਲਕੇ ਸ਼ਹਿਰੀ ਸੰਸਥਾਵਾਂ ਦੇ ਚੋਣ ਨਤੀਜੇ ਆਉਣੇ ਹਨ। ਪਿਛਲੀ ਵਾਰ ਕਾਂਗਰਸ ਪ੍ਰਧਾਨ ਖੜਗੇ ਦੀ ਰਿਹਾਇਸ਼ ’ਤੇ 22 ਜਨਵਰੀ ਨੂੰ ਹੰਗਾਮੀ ਮੀਟਿੰਗ ਹੋਈ ਸੀ। ਉਦੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਪੰਜਾਬ ’ਚ ਲੀਡਰਸ਼ਿਪ ਤਬਦੀਲੀ ਨੂੰ ਰੱਦ ਕਰਦਿਆਂ ਪਾਰਟੀ ’ਚ ਗੁੱਟਬਾਜ਼ੀ ਲਈ ਸਾਰੇ ਲੀਡਰਾਂ ਨੂੰ ਤਾੜਨਾ ਕੀਤੀ ਸੀ। ਉਸ ਵੇਲੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਰਾਹਤ ਮਿਲ ਗਈ ਸੀ। ਦੱਸਣਯੋਗ ਹੈ ਕਿ ਕਾਫ਼ੀ ਅਰਸਾ ਪਹਿਲਾਂ ਪੰਜਾਬ ਦੇ ਕਰੀਬ 30 ਆਗੂਆਂ ਨੇ ਹਾਈਕਮਾਨ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਸੀ ਜਿਸ ਤੋਂ ਹਾਈਕਮਾਨ ਖ਼ਫ਼ਾ ਵੀ ਹੋ ਗਈ ਸੀ। ਜਨਵਰੀ ’ਚ ਹੋਈ ਮੀਟਿੰਗ ’ਚ ਕਾਂਗਰਸੀ ਆਗੂਆਂ ਨੂੰ ਤਾੜਿਆ ਵੀ ਗਿਆ ਸੀ ਅਤੇ ਸੀਨੀਅਰ ਲੀਡਰਾਂ ਨੂੰ ਜਨਤਕ ਬਿਆਨਬਾਜ਼ੀ ਤੋਂ ਵਰਜਿਆ ਗਿਆ ਸੀ।

Share: