NEET fee refund: 13 ਲੱਖ ਉਮੀਦਵਾਰਾਂ ਨੇ ਬੈਂਕ ਖਾਤੇ ਅਪਡੇਟ ਕੀਤੇ; NTA ਵੱਲੋਂ ਆਖਰੀ ਤਰੀਕ 22 ਜੂਨ ਤੱਕ ਵਧੀ

NEET fee refund: 13 ਲੱਖ ਉਮੀਦਵਾਰਾਂ ਨੇ ਬੈਂਕ ਖਾਤੇ ਅਪਡੇਟ ਕੀਤੇ; NTA ਵੱਲੋਂ ਆਖਰੀ ਤਰੀਕ 22 ਜੂਨ ਤੱਕ ਵਧੀ

ਨਵੀਂ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਨੀਟ-ਯੂਜੀ (NEET-UG 2026) ਦੇ ਪ੍ਰੀਖਿਆਰਥੀਆਂ ਲਈ ਇੱਕ ਅਹਿਮ ਫੈਸਲਾ ਲੈਂਦਿਆਂ ਪ੍ਰੀਖਿਆ ਫ਼ੀਸ ਦੀ ਵਾਪਸੀ (ਰਿਫੰਡ) ਲਈ ਬੈਂਕ ਖਾਤੇ ਦੇ ਵੇਰਵੇ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ 22 ਜੂਨ ਤੱਕ ਵਧਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੇਪਰ ਲੀਕ ਹੋਣ ਦੇ ਗੰਭੀਰ ਦੋਸ਼ਾਂ ਤੋਂ ਬਾਅਦ ਇਸ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਹੁਣ ਇਹ ਪ੍ਰੀਖਿਆ ਨਵੇਂ ਸਿਰੇ ਤੋਂ ਕਰਵਾਈ ਜਾ ਰਹੀ ਹੈ।

ਐਨਟੀਏ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ 21 ਜੂਨ ਨੂੰ ਲਈ ਜਾਣ ਵਾਲੀ ਨੀਟ ਦੀ ਮੁੜ-ਪ੍ਰੀਖਿਆ ਲਈ ਉਮੀਦਵਾਰਾਂ ਕੋਲੋਂ ਕੋਈ ਵਾਪਸੀਯੋਗ ਜਾਂ ਨਵੀਂ ਫ਼ੀਸ ਨਹੀਂ ਲਈ ਜਾਵੇਗੀ ਅਤੇ ਉਨ੍ਹਾਂ ਵੱਲੋਂ ਪਹਿਲਾਂ ਜਮ੍ਹਾਂ ਕਰਵਾਈ ਗਈ ਫ਼ੀਸ ਸਿੱਧੀ ਉਨ੍ਹਾਂ ਦੇ ਖਾਤਿਆਂ ਵਿੱਚ ਰਿਫੰਡ (ਵਾਪਸ) ਕੀਤੀ ਜਾਵੇਗੀ।

ਹੁਣ ਤੱਕ 13 ਲੱਖ ਵਿਦਿਆਰਥੀਆਂ ਨੇ ਦਿੱਤੇ ਵੇਰਵੇ

ਏਜੰਸੀ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ, ਹੁਣ ਤੱਕ ਲਗਭਗ 13 ਲੱਖ ਉਮੀਦਵਾਰਾਂ ਨੇ ਆਪਣੇ ਬੈਂਕ ਖਾਤਿਆਂ ਦੇ ਵੇਰਵੇ ਪੋਰਟਲ ’ਤੇ ਅਪਡੇਟ ਕਰ ਦਿੱਤੇ ਹਨ। ਦੇਸ਼ ਭਰ ਵਿੱਚੋਂ ਇਸ ਪ੍ਰੀਖਿਆ ਲਈ ਤਕਰੀਬਨ 23 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਜਿਹੜੇ ਵਿਦਿਆਰਥੀ ਕਿਸੇ ਕਾਰਨ ਅਜੇ ਤੱਕ ਆਪਣੇ ਵੇਰਵੇ ਸਾਂਝੇ ਨਹੀਂ ਕਰ ਸਕੇ, ਉਨ੍ਹਾਂ ਦੀ ਸਹੂਲਤ ਲਈ ਹੀ ਏਜੰਸੀ ਨੇ ਇਸ ਮਿਆਦ ਨੂੰ 22 ਜੂਨ 2026 (ਰਾਤ 11:50 ਵਜੇ ਤੱਕ) ਵਧਾਉਣ ਦਾ ਫੈਸਲਾ ਕੀਤਾ ਹੈ।

ਫ਼ੀਸ ਵਾਪਸੀ ਲਈ ਇੰਝ ਕਰੋ ਅਪਲਾਈ

ਉਮੀਦਵਾਰ ਨੀਟ (UG)-2026 ਦੇ ਅਧਿਕਾਰਤ ਰਜਿਸਟ੍ਰੇਸ਼ਨ ਪੋਰਟਲ ’ਤੇ ਜਾ ਕੇ ਆਪਣੇ ਆਈਡੀ-ਪਾਸਵਰਡ ਰਾਹੀਂ ਲੌਗ-ਇਨ ਕਰ ਸਕਦੇ ਹਨ ਅਤੇ ਉੱਥੇ ਦਿੱਤੇ ਗਏ ‘ਰਿਫੰਡ ਲਿੰਕ’ ਰਾਹੀਂ ਆਪਣੇ ਬੈਂਕ ਖਾਤੇ ਦੀ ਜਾਣਕਾਰੀ ਦਰਜ ਕਰ ਸਕਦੇ ਹਨ। ਐਨਟੀਏ ਨੇ ਸਲਾਹ ਦਿੱਤੀ ਹੈ ਕਿ ਖਾਤੇ ਦੀ ਸਹੀ ਜਾਣਕਾਰੀ ਯਕੀਨੀ ਬਣਾਉਣ ਲਈ ਵਿਦਿਆਰਥੀ ਚਾਹੁਣ ਤਾਂ ਕੈਂਸਲ ਕੀਤਾ ਹੋਇਆ ਚੈੱਕ (Cancelled Cheque) ਵੀ ਅਪਲੋਡ ਕਰ ਸਕਦੇ ਹਨ। ਐਨਟੀਏ ਨੇ ਸਪੱਸ਼ਟ ਕੀਤਾ ਹੈ ਕਿ ਇੱਕ ਵਾਰ ਬੈਂਕ ਖਾਤੇ ਦੇ ਵੇਰਵੇ ਜਮ੍ਹਾਂ ਹੋਣ ਤੋਂ ਬਾਅਦ ਉਨ੍ਹਾਂ ਨੂੰ ਹੀ ਅੰਤਿਮ ਮੰਨਿਆ ਜਾਵੇਗਾ ਅਤੇ ਇਸ ਤੋਂ ਬਾਅਦ ਖਾਤਾ ਨੰਬਰ ਵਿੱਚ ਕਿਸੇ ਵੀ ਤਰ੍ਹਾਂ ਦੀ ਸੋਧ (ਗ਼ਲਤੀ ਸੁਧਾਰਨ) ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਚੇਤੇ ਰਹੇ ਕਿ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਇਹ ਪ੍ਰੀਖਿਆ ਇਸੇ ਸਾਲ 3 ਮਈ ਨੂੰ ਲਈ ਗਈ ਸੀ, ਪਰ ਪੇਪਰ ਲੀਕ ਦੇ ਵਿਵਾਦਾਂ ਕਾਰਨ ਏਜੰਸੀ ਨੇ 12 ਮਈ ਨੂੰ ਇਸ ਨੂੰ ਰੱਦ ਕਰ ਦਿੱਤਾ ਸੀ। ਇਸ ਮਾਮਲੇ ਦੀ ਜਾਂਚ ਇਸ ਵੇਲੇ ਕੇਂਦਰੀ ਜਾਂਚ ਬਿਊਰੋ (CBI) ਵੱਲੋਂ ਕੀਤੀ ਜਾ ਰਹੀ ਹੈ।

Share: