ਸਮਾਣਾ ’ਚ ਪੁਲੀਸ ਵੱਲੋਂ ਚਲਾਈ ਗੋਲੀ ਕਾਰਨ ਮਾਹੌਲ ਤਣਾਅਪੂਰਨ

ਸਮਾਣਾ ’ਚ ਪੁਲੀਸ ਵੱਲੋਂ ਚਲਾਈ ਗੋਲੀ ਕਾਰਨ ਮਾਹੌਲ ਤਣਾਅਪੂਰਨ

ਸਮਾਣਾ : ਨਗਰ ਕੌਂਸਲ ਚੋਣਾਂ ਦੌਰਾਨ ਸਮਾਣਾ ਦੇ 21 ਵਾਰਡਾਂ ਵਿੱਚੋਂ ਜ਼ਿਆਦਾਤਰ ਵਾਰਡਾਂ ਵਿੱਚ ਹਿੰਸਕ ਝੜਪਾਂ ਕਾਰਨ ਸਵੇਰ ਤੋਂ ਸ਼ਾਮ ਤੱਕ ਸਥਿਤੀ ਤਣਾਅਪੂਰਨ ਬਣੀ ਰਹੀ। ਵਾਰਡ ਨੰਬਰ 5, 9, 11, 12, 13 ਅਤੇ 21 ਵਿੱਚ ‘ਆਪ’ ਉੱਤੇ ਬੂਥ ਕੈਪਚਰਿੰਗ ਦੇ ਦੋਸ਼ ਵੀ ਲੱਗੇ। ਵਾਰਡ ਨੰਬਰ 19 ਭੀੜ ਖਦੇੜਨ ਲਈ ਪੁਲੀਸ ਨੂੰ ਹਵਾ ਵਿੱਚ ਗੋਲੀਆਂ ਚਲਾਉਣੀਆਂ ਪਈਆਂ। ਸਮਾਣਾ ਦੇ ਵਾਰਡ ਨੰਬਰ 10 ਦੇ ਬੂਥ ਨੰਬਰ 24 ਤੇ 25 ’ਤੇ ਸਵੇਰੇ ਸਮੇਂ ਹੀ ਸੱਤਾਧਾਰੀ ਪਾਰਟੀ ਦੇ ਸਮਰਥਕਾਂ ’ਤੇ ਬੂਥ ਦੇ ਕੈਮਰੇ ਤੋੜ ਕੇ ਕਥਿਤ ਨਾਜਾਇਜ਼ ਵੋਟਾਂ ਪਾਉਣ ਦੇ ਦੋਸ਼ ਲੱਗੇ। ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਡੀ ਐੱਸ ਪੀ ਦੀ ਅਗਵਾਈ ਹੇਠ ਪੁੱਜੀ ਪੁਲੀਸ ਨੇ ਹੁੱਲੜਬਾਜ਼ਾਂ ਨੂੰ ਉੱਥੋਂ ਖਦੇੜਿਆ। ਇਸੇ ਤਰ੍ਹਾਂ ਵਾਰਡ ਨੰਬਰ 19 ਵਿੱਚ ਜਾਅਲੀ ਵੋਟਿੰਗ ਦੀ ਰਿਪੋਰਟ ਮਿਲਣ ਤੋਂ ਬਾਅਦ ਪਹੁੰਚੀ ਪੁਲੀਸ ਨੇ ਜਦੋਂ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਘਰਾਂ ਦੀਆਂ ਛੱਤਾਂ ’ਤੇ ਚੜ੍ਹੇ ਕੁਝ ਲੋਕਾਂ ਨੇ ਪੁਲੀਸ ਪਾਰਟੀ ਨੂੰ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਚਿਤਾਵਨੀ ਦੇ ਬਾਵਜੂਦ ਨਾ ਰੁਕਣ ’ਤੇ ਪੁਲੀਸ ਨੇ ਹਵਾ ’ਚ ਗੋਲੀਆਂ ਚਲਾਈਆਂ। ਇਸ ਕਾਰਨ ਛੱਤਾਂ ’ਤੇ ਖੜ੍ਹੇ ਨੌਜਵਾਨ ਭੱਜ ਗਏ। ਇਸ ਦੌਰਾਨ ਯਾਕੂਬ (23) ਵਾਸੀ ਰਾਮ ਬਸਤੀ ਸਮਾਣਾ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਕੇ ਝੁਲਸ ਗਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੋਂ ਪਟਿਆਲਾ ਰਾਜਿੰਦਰਾ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ। ਵਾਰਡ ਵਾਸੀਆਂ ਨੇ ਰਿਟਰਨਿੰਗ ਅਫ਼ਸਰ ਨੂੰ ਮੰਗ ਪੱਤਰ ਦੇ ਕੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਅਤੇ ਵਾਰਡ ’ਚ ਦੁਬਾਰਾ ਵੋਟਿੰਗ ਕਰਵਾਉਣ ਦੀ ਅਪੀਲ ਕੀਤੀ।

ਇਸੇ ਤਰ੍ਹਾਂ ਵਾਰਡ ਨੰਬਰ 3 ਅਤੇ 15 ਵਿੱਚ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਦੇ ਸਮਰਥਕਾਂ ’ਤੇ ਕਾਂਗਰਸੀ ਅਤੇ ਭਾਜਪਾ ਉਮੀਦਵਾਰਾਂ ਦੇ ਬੂਥ ਤੋੜਨ ਦੇ ਦੋਸ਼ ਲੱਗੇ ਹਨ। ਬੂਥ ਨੰਬਰ 15 ਦੇ ਕਾਂਗਰਸੀ ਉਮੀਦਵਾਰ ਨੇ ਧੱਕੇਸ਼ਾਹੀ ਦੇ ਦੋਸ਼ ਲਾਉਂਦੇ ਹੋਏ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਕਾਂਗਰਸ ਦੀ ਸਾਬਕਾ ਮਹਿਲਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਸ਼ਰਾਰਤੀ ਅਨਸਰਾਂ ’ਤੇ ਵਾਰਡ ਨੰਬਰ 3 ’ਚੋਂ 97 ਬੈਲੇਟ ਪੇਪਰ ਖੋਹ ਕੇ ਫ਼ਰਾਰ ਹੋਣ, ਜਾਅਲੀ ਵੋਟਾਂ ਪਾਉਣ ਦਾ ਦੋਸ਼ ਲਾਇਆ ਹੈ। ਵੋਟਰਾਂ ਨੇ ਬੂਥਾਂ ਉੱਪਰ ਪੀਣ ਵਾਲੇ ਪਾਣੀ, ਵ੍ਹੀਲਚੇਅਰ ਅਤੇ ਧੁੱਪ ਤੋਂ ਬਚਾਅ ਲਈ ਕੋਈ ਇੰਤਜ਼ਾਮ ਨਾ ਕਰਨ ਦੇ ਦੋਸ਼ ਲਾਏ।

ਪੁਲੀਸ ਵੱਲੋਂ ਗੋਲੀ ਨਾ ਚਲਾਉਣ ਦਾ ਦਾਅਵਾ

ਨਗਰ ਕੌਂਸਲ ਚੋਣਾਂ ਦੌਰਾਨ ਅੱਜ ਸਮਾਣਾ ’ਚ ਪੁਲੀਸ ਅਤੇ ਲੋਕਾਂ ਦਰਮਿਆਨ ਹੋਈਆਂ ਝੜਪਾਂ ਦੌਰਾਨ ਕਥਿਤ ਕਰੰਟ ਲੱਗਣ ਕਾਰਨ ਜ਼ਖ਼ਮੀ ਹੋਇਆ 21 ਸਾਲਾ ਯਾਕੁੂਬ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ ਕਿ ਉਸ ਨੂੰ ਪੁਲੀਸ ਦੀ ਗੋਲੀ ਲੱਗੀ ਹੈ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਟਿਆਲਾ ਪੁਲੀਸ ਨੇ ਦਾਅਵਾ ਕੀਤਾ ਕਿ ਜਦੋਂ ਗੋਲੀ ਚੱਲੀ ਨਹੀਂ ਫੇਰ ਉਸ ਨੂੰ ਗੋਲੀ ਲੱਗਣ ਦੀ ਤੁਕ ਨਹੀਂ। ਡੀ ਐੱਸ ਪੀ ਫਤਹਿ ਸਿੰਘ ਨੇ ਵੀ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰਕੇ ਯਾਕੁੂਬ ਨੂੰ ਕਰੰਟ ਲੱਗਣ ਦਾ ਦਾਅਵਾ ਕੀਤਾ।

Share: