ਸ੍ਰੀ ਗੋਇੰਦਵਾਲ ਸਾਹਿਬ : ਪੁਲੀਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਪਿੰਡ ਪੱਧਰ ‘ਤੇ ਨਸ਼ਿਆਂ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਤਹਿਤ ਅੱਜ ਥਾਣਾ ਵੈਰੋਵਾਲ ਦੇ ਅਧੀਨ ਆਉਂਦੇ ਪਿੰਡ ਮੀਆਵਿੰਡ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ 24 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਮੀਆਵਿੰਡ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਪ੍ਰਸ਼ਾਸਨ ਦੀ ਨਸ਼ਿਆਂ ਖ਼ਿਲਾਫ਼ ਨਾਕਾਮ ਕਾਰਵਾਈ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ ਅਤੇ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕਣ ਦੇ ਦੋਸ਼ ਲਾਏ ਹਨ।
ਮ੍ਰਿਤਕ ਹਰਪ੍ਰੀਤ ਸਿੰਘ ਦੇ ਰਿਸ਼ਤੇਦਾਰ ਜਗਤਾਰ ਸਿੰਘ ਅਤੇ ਮੰਗਲ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਹਰਪ੍ਰੀਤ ਨਸ਼ੇ ਦਾ ਆਦੀ ਹੋ ਚੁੱਕਾ ਸੀ। ਉਹ ਇਸ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਨਿਕਲਣ ਲਈ ਅਨੇਕਾਂ ਯਤਨ ਕਰ ਚੁੱਕਾ ਸੀ, ਪਰ ਪਿੰਡ ਵਿੱਚ ਸ਼ਰੇਆਮ ਵਿਕ ਰਹੇ ਨਸ਼ੇ ਕਾਰਨ ਉਸ ਦੀ ਇਹ ਆਦਤ ਦਿਨੋ-ਦਿਨ ਹੋਰ ਵੱਧਦੀ ਗਈ, ਜਿਸ ਦੇ ਚੱਲਦਿਆਂ ਅੱਜ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਉਸ ਦੀ ਜਾਨ ਚਲੀ ਗਈ। ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਖਡੂਰ ਸਾਹਿਬ ਬਲਾਕ ਸਮਿਤੀ ਦੇ ਵਾਇਸ ਚੇਅਰਮੈਨ ਤੇਜਿੰਦਰ ਸਿੰਘ ਮੀਆਵਿੰਡ ਨੇ ਸਰਕਾਰ ਨੂੰ ਘੇਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਰਾਜ ਦੌਰਾਨ ਪਿੰਡ ਪੱਧਰ ‘ਤੇ ਨਸ਼ਿਆਂ ਦਾ ਪ੍ਰਕੋਪ ਦਸ ਗੁਣਾ ਹੋਰ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ਾ ਰੋਕਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਅਤੇ ਸਿਆਸੀ ਦਬਾਅ ਹੇਠ ਪੁਲੀਸ ਪ੍ਰਸ਼ਾਸਨ ਵੀ ਇਸ ਮੁੱਦੇ ‘ਤੇ ਕੋਈ ਗੰਭੀਰਤਾ ਨਹੀਂ ਦਿਖਾ ਰਿਹਾ। ਫਿਲਹਾਲ, ਪਿੰਡ ਮੀਆਵਿੰਡ ਦੇ ਲੋਕਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਪਿੰਡ ਵਿੱਚ ਵੱਧ ਰਹੇ ਨਸ਼ਿਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ।

