ਮਾਨਸਾ : ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਦੀ ਕਾਰ ’ਤੇ ਬੁਢਲਾਡਾ ਵਿਖੇ ਹੋਏ ਹਮਲੇ ਅਤੇ ਭੰਨ-ਤੋੜ ਦੇ ਮਾਮਲੇ ਵਿੱਚ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਰਾਜਨੀਤਕ ਮਾਹੌਲ ਭਖ਼ ਗਿਆ ਹੈ। ਘਟਨਾ ਤੋਂ ਤਿੰਨ ਦਿਨ ਬਾਅਦ ਵੀ ਮੁਲਜ਼ਮਾਂ ਦੀ ਪਛਾਣ ਨਾ ਹੋਣ ਕਾਰਨ ਸਾਬਕਾ ਵਿਧਾਇਕ ਅਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਰੋਸ ਹੈ। ਕਾਮਰੇਡ ਹਰਦੇਵ ਅਰਸ਼ੀ ਨੇ ਪੁਲੀਸ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਘਟਨਾ ਦੌਰਾਨ ਉਹ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ ਅਤੇ ਇਸ ਦੌਰਾਨ ਅਣਪਛਾਤਿਆਂ ਵੱਲੋਂ ਉਨ੍ਹਾਂ ਦੀ ਕਾਰ ਦੀ ਬੁਰੀ ਤਰ੍ਹਾਂ ਨਾਲ ਤੋੜਭੰਨ ਕੀਤੀ ਗਈ। ਘਟਨਾ ਨੂੰ ਕਾਫੀ ਸਮਾਂ ਬੀਤ ਚੁੱਕਿਆ ਹੈ, ਪ੍ਰੰਤੂ ਪੁਲੀਸ ਹਾਲੇ ਤੱਕ ਹਮਲਾਵਰਾਂ ਦੀ ਨਿਸ਼ਾਨਦੇਹੀ ਨਹੀਂ ਕਰ ਸਕੀ। ਇਸ ਨਾਲ ਨਾ ਸਿਰਫ ਉਹ ਖੁਦ, ਸਗੋਂ ਉਨ੍ਹਾਂ ਦੇ ਵਰਕਰ ਅਤੇ ਸਮਰਥਕ ਵੀ ਨਿਰਾਸ਼ ਅਤੇ ਚਿੰਤਤ ਹਨ। ਚੋਣ ਪ੍ਰਚਾਰ ਦੌਰਾਨ ਅਜਿਹੀ ਘਟਨਾ ਨੇ ਜਮਹੂਰੀ ਮਾਹੌਲ ਨੂੰ ਠੇਸ ਪਹੁੰਚਾਈ ਹੈ। ਇਸ ਘਟਨਾ ਦੀ ਨਿੰਦਾ ਸਿਰਫ ਉਨ੍ਹਾਂ ਦੀ ਪਾਰਟੀ ਤੱਕ ਸੀਮਿਤ ਨਹੀਂ ਰਹੀ, ਸਗੋਂ ਵੱਖ-ਵੱਖ ਜਮਹੂਰੀ, ਅਗਾਂਹਵਧੂ ਅਤੇ ਸੁਹਿਰਦ ਧਿਰਾਂ ਵੱਲੋਂ ਵੀ ਇਸ ਨੂੰ ਲੋਕਤੰਤਰ ’ਤੇ ਹਮਲਾ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਪੁਲੀਸ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਅਤੇ ਤੇਜ਼ ਜਾਂਚ ਕਰਕੇ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇ।
ਸੀ ਸੀ ਟੀ ਵੀ ਫੁਟੇਜ ਘੋਖ ਰਹੀ ਹੈ ਪੁਲੀਸ: ਐੱਸ ਐੱਸ ਪੀ
ਜ਼ਿਲ੍ਹਾ ਪੁਲੀਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੁਲੀਸ ਸੀ ਸੀ ਟੀ ਵੀ ਫੁਟੇਜ ਘੋਖ ਰਹੀ ਹੈ ਤੇ ਜਲਦ ਹੀ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।