ਨਵੀਂ ਦਿੱਲੀ : ਕੌਕਰੋਚ ਜਨਤਾ ਪਾਰਟੀ ਦਾ ਐਕਸ ਅਕਾਊਂਟ, ਜੋ ਤਨਜ਼ ਕੱਸਣ ਲਈ ਡਿਜੀਟਲ ਜਥੇਬੰਦੀ ਵਜੋਂ ਹੋਂਦ ਵਿੱਚ ਆਇਆ ਸੀ, ਅੱਜ ਬੰਦ ਕਰ ਦਿੱਤਾ ਗਿਆ। ਪਿਛਲੇ ਹਫ਼ਤੇ ਸ਼ੁਰੂ ਹੋਈ ਇਸ ਡਿਜੀਟਲ ਜਥੇਬੰਦੀ ਨੇ ਸੋਸ਼ਲ ਮੀਡੀਆ ’ਤੇ ਤੂਫ਼ਾਨ ਲਿਆ ਦਿੱਤਾ ਹੈ। ਅਕਾਊਂਟ ਬੰਦ ਹੁੰਦੇ ਹੀ ‘ਕੌਕਰੋਚ ਇਜ਼ ਬੈਕ’ (ਕੌਕਰੋਚ ਵਾਪਸ ਆ ਗਿਆ ਹੈ) ਨਾਂ ਦਾ ਹੋਰ ਹੈਂਡਲ ਸਾਹਮਣੇ ਆ ਗਿਆ ਹੈ।
ਡਿਜੀਟਲ ਜਥੇਬੰਦੀ ਦੇ ਬਾਨੀ ਅਭਿਜੀਤ ਦੀਪਕੇ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਕੱਲ੍ਹ ਅਕਾਊਂਟ ਹੈਕ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਸਨ, ਇਸ ਲਈ ਇਹ ਉਮੀਦ ਕੀਤੀ ਜਾ ਰਹੀ ਸੀ। ਇਸ ਕਾਰਵਾਈ ਨਾਲ ਸਰਕਾਰ ਖੁ਼ਦ ਹੀ ਆਪਣੇ ਜਾਲ ਵਿੱਚ ਫਸ ਗਈ ਹੈ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਇਸ ਮਾਮਲੇ ’ਤੇ ਕਾਨੂੰਨੀ ਤੌਰ ’ਤੇ ਅੱਗੇ ਵਧੇਗੀ। ਕੌਕਰੋਚ ਜਨਤਾ ਪਾਰਟੀ ਜਿਸ ਦੇ ਐਕਸ ’ਤੇ 201000 ਪੈਰੋਕਾਰ (ਫਾਲੋਅਰ) ਹਨ, ਚੀਫ ਜਸਟਿਸ ਸੂਰਿਆ ਕਾਂਤ ਵੱਲੋਂ ਸੀਨੀਅਰ ਅਹੁਦੇ ਦੀ ਮੰਗ ਕਰਨ ਵਾਲੀ ਇੱਕ ਵਕੀਲ ਦੀ ਪਟੀਸ਼ਨ ’ਤੇ ਉਸ ਦੀ ਖਿਚਾਈ ਕਰਦਿਆਂ ‘ਪਰਜੀਵੀ’ ਅਤੇ ‘ਕੌਕਰੋਚ’ ਸ਼ਬਦਾਂ ਦੀ ਵਰਤੋਂ ਕਰਨ ਬਾਅਦ ਹੋਂਦ ਵਿੱਚ ਆਈ ਹੈ। ਚੀਫ ਜਸਟਿਸ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਟਿੱਪਣੀ ਨੂੰ ਗੱਲ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦੀਆਂ ਟਿੱਪਣੀਆਂ ਖ਼ਾਸ ਤੌਰ ’ਤੇ ‘ਜਾਅਲੀ ਅਤੇ ਜਾਅਲੀ ਡਿਗਰੀਆਂ’ ਰਾਹੀਂ ਕਾਨੂੰਨੀ ਪੇਸ਼ੇ ਵਿੱਚ ਦਾਖ਼ਲ ਹੋਣ ਵਾਲੇ ਵਿਅਕਤੀਆਂ ਲਈ ਸਨ। ਕੌਕਰੋਚ ਜਨਤਾ ਪਾਰਟੀ ਚੀਫ ਜਸਟਿਸ ਦੀਆਂ 15 ਮਈ ਦੀਆਂ ਟਿੱਪਣੀਆਂ ਮਗਰੋਂ ਹੋਂਦ ਵਿੱਚ ਆਈ ਹੈ। ਇਹ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਅਤੇ ਸਿਆਸਤਦਾਨਾਂ, ਕਾਰਕੁਨਾਂ, ਕਲਾਕਾਰਾਂ ਅਤੇ ਵੱਡੀ ਗਿਣਤੀ ਲੋਕਾਂ ਨੇ ਇਸ ਦੀ ਹਮਾਇਤ ਕੀਤੀ ਹੈ। ਭਾਰਤ ਵਿੱਚ ਐਕਸ ਅਕਾਊਂਟ ਅੱਜ ਬੰਦ ਹੋ ਗਿਆ ਪਰ ਜਥੇਬੰਦੀ ਦਾ ਇੰਸਟਾਗ੍ਰਾਮ ਪੇਜ ਕਾਰਜਸ਼ੀਲ ਹੈ। ਇੰਸਟਾ ’ਤੇ ਜਥੇਬੰਦੀ ਦੇ 1.43 ਕਰੋੜ ਪੈਰੋਕਾਰ ਹਨ ਅਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ। ਜਥੇਬੰਦੀ ਖਿਲਾਫ਼ ਕਾਰਵਾਈ ’ਤੇ ਸਵਾਲ ਚੁੱਕਦਿਆਂ ਦੀਪਕੇ ਨੇ ਕਿਹਾ ਕਿ ਅਕਾਊਂਟ ਅਤੇ ਮੁਹਿੰਮ ਤੇਜ਼ੀ ਨਾਲ ਅੱਗੇ ਵਧ ਰਹੀ ਹੈ।

