ਪੈਟਰੋਲ ਦੇ ਰੇਟ ਵਧਣ ਤੋਂ ਬਾਅਦ ਪਾਰਸਲ ਡਿਲੀਵਰੀ ਹੋਈ ਔਖੀ; ਨੌਜਵਾਨਾਂ ਨੇ ਬੰਦ ਕੀਤਾ ਕੰਮ, ਆਮ ਲੋਕ ਪਰੇਸ਼ਾਨ

ਪੈਟਰੋਲ ਦੇ ਰੇਟ ਵਧਣ ਤੋਂ ਬਾਅਦ ਪਾਰਸਲ ਡਿਲੀਵਰੀ ਹੋਈ ਔਖੀ; ਨੌਜਵਾਨਾਂ ਨੇ ਬੰਦ ਕੀਤਾ ਕੰਮ, ਆਮ ਲੋਕ ਪਰੇਸ਼ਾਨ

ਚੰਡੀਗੜ੍ਹ: ਪੈਟਰੋਲ ਡੀਜ਼ਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਕਾਰਨ ਹੁਣ ਹਰ ਵਰਗ ਦੇ ਲੋਕਾਂ ਦਾ ਬਜਟ ਹਿੱਲਣ ਲੱਗਿਆ ਹੈ, ਪਰ ਇਸ ਮਹਿੰਗਾਈ ਦੀ ਸਭ ਤੋਂ ਵੱਡੀ ਅਤੇ ਸਿੱਧੀ ਮਾਰ ਰੋਜ਼ਾਨਾ ਕਮਾ ਕੇ ਖਾਣ ਵਾਲੇ ਡਿਲੀਵਰੀ ਨੌਜਵਾਨਾਂ ’ਤੇ ਪੈ ਰਹੀ ਹੈ। ਪੈਟਰੋਲ ਮਹਿੰਗਾ ਹੋਣ ਕਾਰਨ ਗੁਜ਼ਾਰਾ ਕਰਨਾ ਮੁਸ਼ਕਲ ਹੋਣ ਮਗਰੋਂ ਹੁਣ ਡਿਲੀਵਰੀ ਕਰਨ ਵਾਲੇ ਨੌਜਵਾਨ ਪਰੇਸ਼ਾਨ ਹੋ ਕੇ ਹੜਤਾਲ ’ਤੇ ਚਲੇ ਗਏ ਹਨ। ਇਸ ਹੜਤਾਲ ਕਾਰਨ ਬਰਨਾਲਾ ਜ਼ਿਲ੍ਹੇ ਵਿੱਚ ਆਨਲਾਈਨ ਸ਼ਾਪਿੰਗ ਕਰਨ ਵਾਲੇ ਲੋਕਾਂ ਦੇ ਘਰਾਂ ਤੱਕ ਪਾਰਸਲ ਨਹੀਂ ਪਹੁੰਚ ਰਹੇ, ਜਿਸ ਕਾਰਨ ਆਮ ਜਨਤਾ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੜਤਾਲ ’ਤੇ ਬੈਠੇ ਨੌਜਵਾਨਾਂ ਦਾ ਕਹਿਣਾ ਹੈ ਕਿ ਕੰਪਨੀਆਂ ਵੱਲੋਂ ਉਨ੍ਹਾਂ ਨੂੰ ਪਹਿਲਾਂ ਹੀ ਬਹੁਤ ਘੱਟ ਪੈਸੇ ਮਿਲ ਰਹੇ ਹਨ, ਜਿਸ ਵਿੱਚੋਂ ਅੱਧੇ ਤੋਂ ਵੱਧ ਪੈਸੇ ਪੈਟਰੋਲ ’ਤੇ ਹੀ ਖ਼ਰਚ ਹੋ ਜਾਂਦੇ ਹਨ। ਮਸ਼ਹੂਰ ਕੋਰੀਅਰ ਕੰਪਨੀ ‘ਈ-ਕਾਰਟ’ (eKart) ਵਿੱਚ ਕੰਮ ਕਰਦੇ ਡਿਲੀਵਰੀ ਕਰਮਚਾਰੀਆਂ ਨੇ ਆਪਣੇ ਹਾਲਾਤ ਬਿਆਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਲੋਕਲ ਏਰੀਏ ਵਿੱਚ ਇੱਕ ਪਾਰਸਲ ਡਿਲੀਵਰ ਕਰਨ ਦੇ ਮਹਿਜ਼ 10 ਤੋਂ 11 ਰੁਪਏ ਮਿਲਦੇ ਹਨ। ਜੇ ਉਹ ਸਟੇਸ਼ਨ (ਸ਼ਹਿਰ) ਤੋਂ ਬਾਹਰ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਡਿਲੀਵਰੀ ਕਰਨ ਜਾਂਦੇ ਹਨ, ਤਾਂ ਉਨ੍ਹਾਂ ਨੂੰ ਪ੍ਰਤੀ ਪਾਰਸਲ 15 ਤੋਂ 16 ਰੁਪਏ ਦਿੱਤੇ ਜਾਂਦੇ ਹਨ, ਹਲਾਂਕਿ 20 ਰੁਪਏ ਤੱਕ ਦੇਣ ਬਾਰੇ ਕਿਹਾ ਜਾਂਦਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਤਿਰਲੋਕ ਸਿੰਘ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਵਿੱਚ ਡਿਲੀਵਰੀ ਦਾ ਕੰਮ ਦੇਖਣ ਵਾਲੇ ਕਰੀਬ 20 ਤੋਂ 22 ਨੌਜਵਾਨ ਇਸ ਸਮੇਂ ਪੂਰੀ ਤਰ੍ਹਾਂ ਕੰਮ ਬੰਦ ਕਰਕੇ ਹੜਤਾਲ ’ਤੇ ਹਨ। ਉਨ੍ਹਾਂ ਕਿਹਾ ਕਿ ਇੰਨੀ ਘੱਟ ਉਜਰਤ ਅਤੇ ਪੈਟਰੋਲ ਦੇ ਅਸਮਾਨ ਛੂਹ ਰਹੇ ਰੇਟਾਂ ਦੇ ਵਿਚਕਾਰ ਬਾਈਕ ਚਲਾ ਕੇ ਪੂਰੇ ਜ਼ਿਲ੍ਹੇ ਦੇ ਪਿੰਡਾਂ-ਸ਼ਹਿਰਾਂ ਵਿੱਚ ਪਾਰਸਲ ਪਹੁੰਚਾਉਣਾ ਹੁਣ ਘਾਟੇ ਦਾ ਸੌਦਾ ਬਣ ਚੁੱਕਾ ਹੈ।
ਦਿਨ ਭਰ ਦੀ ਹੱਡ-ਭੰਨਵੀਂ ਮਿਹਨਤ ਤੋਂ ਬਾਅਦ ਜੇਬ ਵਿੱਚ ਕੁਝ ਨਹੀਂ ਬਚਦਾ, ਜਿਸ ਕਾਰਨ ਪਰਿਵਾਰ ਦਾ ਗੁਜ਼ਾਰਾ ਕਰਨਾ ਅਸੰਭਵ ਹੋ ਗਿਆ ਹੈ। ਹੜਤਾਲੀ ਨੌਜਵਾਨਾਂ ਨੇ ਮੰਗ ਕੀਤੀ ਹੈ ਕਿ ਜਾਂ ਤਾਂ ਕੰਪਨੀਆਂ ਵੱਲੋਂ ਪ੍ਰਤੀ ਡਿਲੀਵਰੀ ਰੇਟ ਵਧਾਇਆ ਜਾਵੇ ਜਾਂ ਫਿਰ ਪੈਟਰੋਲ ਦਾ ਵੱਖਰਾ ਭੱਤਾ ਦਿੱਤਾ ਜਾਵੇ। ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਪਾਰਸਲ ਸੇਵਾਵਾਂ ਬੰਦ ਰਹਿਣਗੀਆਂ। ਹਾਲ ਦੀ ਘੜੀ ਇਹ ਮਾਮਲਾ ਜ਼ਿਲ੍ਹਾ ਬਰਨਾਲਾ ਤੋਂ ਸਾਹਮਣੇ ਆਇਆ ਹੈ ਪਰ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਹੋਰਨਾਂ ਖੇਤਰਾਂ ’ਤੇ ਵੀ ਇਸ ਦਾ ਪ੍ਰਭਾਵ ਪੈ ਸਕਦਾ ਹੈ।
Share: