ਨਵੀਂ ਦਿੱਲੀ: ਦਿੱਲੀ-ਐੱਨ ਸੀ ਆਰ ਵਿੱਚ ਬੁੱਧਵਾਰ ਨੂੰ ਵੀ ਭਿਆਨਕ ਗਰਮੀ ਜਾਰੀ ਰਹੀ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਤਾਪਮਾਨ 46 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਭਾਰਤ ਮੌਸਮ ਵਿਭਾਗ (ਆਈ ਐੱਮ ਡੀ) ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਗਰਮੀ ਜਾਰੀ ਰਹਿਣ ਦੀ ਸੰਭਾਵਨਾ ਹੈ। ਆਈ ਐੱਮ ਡੀ ਨੇ ਕਿਹਾ ਕਿ ਦਿੱਲੀ-ਐੱਨ ਸੀ ਆਰ ਦੇ ਕਈ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3 ਤੋਂ 6 ਡਿਗਰੀ ਸੈਲਸੀਅਸ ਵੱਧ ਚੱਲ ਰਿਹਾ ਹੈ।
ਰਿਜ ਖੇਤਰ ਅੱਜ ਰਾਜਧਾਨੀ ਵਿੱਚ ਸਭ ਤੋਂ ਗਰਮ ਸੀ ਜਿੱਥੇ ਵੱਧ ਤੋਂ ਵੱਧ ਤਾਪਮਾਨ 46.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਅਯਾਨਗਰ 45.5 ਡਿਗਰੀ ਸੈਲਸੀਅਸ ’ਤੇ ਹੈ ਜਦੋਂਕਿ ਲੋਧੀ ਰੋਡ ’ਤੇ 45.2 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਹ ਤਾਪਮਾਨ ਸਾਲ ਦੇ ਇਸ ਸਮੇਂ ਲਈ ਆਮ ਨਾਲੋਂ ਲਗਪਗ 6 ਡਿਗਰੀ ਵੱਧ ਹੈ। ਸਫਦਰਜੰਗ ਅਤੇ ਪਾਲਮ ਵੀ 45.1 ਡਿਗਰੀ ਸੈਲਸੀਅਸ ਨੂੰ ਛੂਹ ਗਏ ਹਨ। ਰਾਤ ਭਰ ਘੱਟੋ-ਘੱਟ ਤਾਪਮਾਨ 26 ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। ਇਸ ਨਾਲ ਥੋੜ੍ਹੀ ਰਾਹਤ ਮਿਲੀ। ਅਧਿਕਾਰੀਆਂ ਨੇ ਕਿਹਾ ਕਿ ਦਿੱਲੀ-ਐੱਨ ਸੀ ਆਰ ਦੇ ਕਈ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3 ਤੋਂ 6 ਡਿਗਰੀ ਸੈਲਸੀਅਸ ਵੱਧ ਚੱਲ ਰਿਹਾ ਹੈ। ਮੌਸਮ ਵਿਭਾਗ ਨੇ ਦਿੱਲੀ ਵਿੱਚ ਗਰਮੀ ਲਈ ਸੰਤਰੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਉੱਤਰੀ ਭਾਰਤ ਵਿੱਚ ਕਿਸੇ ਵੀ ਸਰਗਰਮ ਪੱਛਮੀ ਗੜਬੜੀ ਜਾਂ ਬਾਰਸ਼ ਨਾ ਹੋਣ ਕਾਰਨ ਰਾਜਸਥਾਨ ਅਤੇ ਆਸ-ਪਾਸ ਦੇ ਖੇਤਰਾਂ ਤੋਂ ਗਰਮ ਅਤੇ ਖੁਸ਼ਕ ਹਵਾਵਾਂ ਦਿੱਲੀ-ਐੱਨ ਸੀ ਆਰ ਵੱਲ ਵਗ ਰਹੀਆਂ ਹਨ ਜਿਸ ਨਾਲ ਤਾਪਮਾਨ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਤੇਜ਼ ਗਰਮੀ ਨੇ ਰਾਜਧਾਨੀ ਵਿੱਚ ਬਿਜਲੀ ਦੀ ਖ਼ਪਤ ਵਿੱਚ ਵੀ ਵਾਧਾ ਕੀਤਾ ਹੈ। ਇਸ ਸੀਜ਼ਨ ਵਿੱਚ ਦਿੱਲੀ ਦੀ ਬਿਜਲੀ ਦੀ ਮੰਗ ਪਹਿਲਾਂ ਹੀ 7,700 ਮੈਗਾਵਾਟ ਨੂੰ ਪਾਰ ਕਰ ਗਈ ਹੈ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਗਰਮੀ ਜਾਰੀ ਰਹੀ ਤਾਂ ਮੰਗ ਹੋਰ ਵਧ ਸਕਦੀ ਹੈ।
ਅਧਿਕਾਰੀਆਂ ਨੇ ਲੋਕਾਂ ਨੂੰ ਦੁਪਹਿਰ ਦੇ ਸਿਖਰਲੇ ਘੰਟਿਆਂ ਦੌਰਾਨ ਬਾਹਰ ਨਿਕਲਣ ਤੋਂ ਬਚਣ, ਪਾਣੀ ਪੀਂਦੇ ਰਹਿਣ, ਹਲਕੇ ਕੱਪੜੇ ਪਾਉਣ ਦੀ ਸਲਾਹ ਦਿੱਤੀ ਹੈ। ਬਜ਼ੁਰਗਾਂ, ਬੱਚਿਆਂ ਅਤੇ ਮਰੀਜ਼ਾਂ ਦੀ ਦੇਖ-ਭਾਲ ਕਰਨ ਦੀ ਅਪੀਲ ਕੀਤੀ ਗਈ ਹੈ।

