ਚੰਡੀਗਡ਼੍ਹ : ਪੰਜਾਬ ਦੀ ਨਜ਼ਰ ਨਗਰ ਨਿਗਮ ਚੋਣਾਂ ਦੌਰਾਨ ਹੁਣ ਰਾਜ ਸਭਾ ਮੈਂਬਰ ਰਾਘਵ ਚੱਢਾ ’ਤੇ ਰਹੇਗੀ। ਮੁਹਾਲੀ ਨਗਰ ਨਿਗਮ ਦੀ ਵੋਟਰ ਸੂਚੀ ’ਚ ਰਾਘਵ ਚੱਢਾ ਦਾ ਬਤੌਰ ਵੋਟਰ ਨਾਮ ਦਰਜ ਹੈ ਅਤੇ ਉਹ ‘ਆਪ’ ਨਾਲੋਂ ਤੋੜ ਵਿਛੋੜੇ ਮਗਰੋਂ ਕਦੇ ਪੰਜਾਬ ਨਹੀਂ ਪਰਤੇ ਹਨ। ਹਾਲਾਂਕਿ ਰਾਘਵ ਚੱਢਾ ਅਕਸਰ ਆਪਣੇ ਆਪ ਨੂੰ ਪੰਜਾਬ ਦੇ ਪੁੱਤਰ ਵਜੋਂ ਪੇਸ਼ ਕਰਦੇ ਹਨ। ਦੇਖਣਾ ਹੋਵੇਗਾ ਕਿ ਕੀ ਰਾਘਵ ਚੱਢਾ ਨਿਗਮ ਚੋਣਾਂ ’ਚ ਵੋਟ ਦਾ ਇਸਤੇਮਾਲ ਕਰਨ ਲਈ ਪੰਜਾਬ ਆਉਣਗੇ? ਚੋਣ ਕਮਿਸ਼ਨ ਦੇ ਰਿਕਾਰਡ ਅਨੁਸਾਰ ਰਾਘਵ ਚੱਢਾ ਮੁਹਾਲੀ ਸ਼ਹਿਰ ਦਾ ਬਾਸ਼ਿੰਦਾ ਹੈ।
ਮੁਹਾਲੀ ਨਿਗਮ ਦੀ ਵੋਟਰ ਸੂਚੀ ’ਚ ਵਾਰਡ ਨੰਬਰ 44 ’ਚ ਸੀਰੀਅਲ ਨੰਬਰ 253 ਅਤੇ ਬੂਥ ਨੰਬਰ 160 ’ਚ ਰਾਘਵ ਚੱਢਾ ਦੀ ਵੋਟ ਬਣੀ ਹੋਈ ਹੈ। ਮੁਹਾਲੀ ਦੇ ਵਾਰਡ ਨੰਬਰ 44 ’ਚ ਪੈਂਦੇ ਰੀਜੈਂਸੀ ਹਾਈਟਸ ’ਚ ਰਾਘਵ ਚੱਢਾ ਦੀ ਰਿਹਾਇਸ਼ ਹੈ। ਚੱਢਾ ਪੰਜਾਬ ਦੇ ਪੰਜ ਹੋਰ ਸੰਸਦ ਮੈਂਬਰਾਂ ਸਮੇਤ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ। ਚੱਢਾ ਭਾਜਪਾਈ ਹੋਣ ਮਗਰੋਂ ਇਹ ਵੀ ਖ਼ਦਸ਼ਾ ਜ਼ਾਹਿਰ ਕਰ ਚੁੱਕੇ ਹਨ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਨਿਸ਼ਾਨਾ ਬਣਾ ਸਕਦੀ ਹੈ। ਇਸ ਤਰ੍ਹਾਂ ਦੇ ਹਾਲਾਤ ਦਰਮਿਆਨ ਰਾਘਵ ਚੱਢਾ ਮੁਹਾਲੀ ਨਿਗਮ ਦੀ 26 ਮਈ ਨੂੰ ਹੋਣ ਵਾਲੀ ਚੋਣ ’ਚ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਜਾਂ ਨਹੀਂ, ਇਸ ’ਤੇ ਸਭ ਦੀ ਨਜ਼ਰ ਰਹੇਗੀ। ਮੁਹਾਲੀ ਦੇ ਵਾਰਡ ਨੰਬਰ 44 ਤੋਂ ‘ਆਪ’ ਉਮੀਦਵਾਰ ਫੂਲ ਰਾਜ ਸਿੰਘ ਦਾ ਕਹਿਣਾ ਸੀ ਕਿ ਰਾਘਵ ਚੱਢਾ ਨੂੰ ਬਤੌਰ ਵੋਟਰ ਆਪਣੇ ਸਿਆਸੀ ਹੱਕ ਦੀ ਵਰਤੋਂ ਲਈ ਮੁਹਾਲੀ ਆਉਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਨੇ ਜਦੋਂ ਰਾਘਵ ਚੱਢਾ ਦੀ ਰਾਜ ਸਭਾ ਲਈ 21 ਮਾਰਚ 2022 ਨੂੰ ਨਾਮਜ਼ਦਗੀ ਦਾ ਐਲਾਨ ਕੀਤਾ ਸੀ ਤਾਂ ਉਸ ਵਕਤ ਪੰਜਾਬ ’ਚ ਸਿਆਸੀ ਹਿਲਜੁਲ ਹੋਈ ਸੀ ਕਿ ਪੰਜਾਬ ਤੋਂ ਬਾਹਰ ਦੇ ਬਾਸ਼ਿੰਦੇ ਨੂੰ ਰਾਜ ਸਭਾ ਦੀ ਟਿਕਟ ਦਿੱਤੀ ਗਈ ਹੈ। ਰਾਘਵ ਚੱਢਾ ਅਪਰੈਲ 2022 ’ਚ ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ ਸਨ।
ਰਾਜ ਸਭਾ ਦੀ ਸਾਲ 2022 ’ਚ ਨਾਮਜ਼ਦਗੀ ਮੌਕੇ ਚੋਣ ਕਮਿਸ਼ਨ ਕੋਲ ਦਾਇਰ ਕੀਤੇ ਹਲਫ਼ੀਆ ਬਿਆਨ ਮੁਤਾਬਿਕ ਰਾਘਵ ਚੱਢਾ ਦੀ ਦਿੱਲੀ ਦੇ ਵਿਧਾਨ ਸਭਾ ਹਲਕਾ ਰਜੇਂਦਰ ਨਗਰ ’ਚ ਸੀਰੀਅਲ ਨੰਬਰ 313, ਪਾਰਟ ਨੰਬਰ 52 ਤਹਿਤ ਵੋਟ ਬਣੀ ਹੋਈ ਸੀ। ਜਦੋਂ ਹੁਣ ਰਜੇਂਦਰ ਨਗਰ ਦਿੱਲੀ ਦੀ ਵੋਟਰ ਸੂਚੀ ਘੋਖੀ ਤਾਂ ਉਸ ’ਚ ਰਾਘਵ ਚੱਢਾ ਦਾ ਨਾਮ ਨਹੀਂ ਸੀ। ਹੁਣ ਰਾਘਵ ਚੱਢਾ ਦਾ ਨਾਮ ਮੁਹਾਲੀ ਨਿਗਮ ਦੀ ਵੋਟਰ ਸੂਚੀ ’ਚ ਗੂੰਜ ਰਿਹਾ ਹੈ। ਰਾਘਵ ਚੱਢਾ ਨੇ ਦਿੱਲੀ ਤੋਂ ਆਪਣੀ ਵੋਟ ਕਟਾਉਣ ਮਗਰੋਂ ਨਵੀਂ ਵੋਟ ਪੰਜਾਬ ’ਚ ਬਣਾ ਲਈ ਹੈ। ਲੋਕ ਸਭਾ ਚੋਣਾਂ 2024 ਸਮੇਂ ਰਾਘਵ ਚੱਢਾ ਨੇ ਮੁਹਾਲੀ ਦੇ ਪਿੰਡ ਲਖਨੌਰ ਦੇ ਪੋਲਿੰਗ ਸਟੇਸ਼ਨ ’ਤੇ ਆਪਣੀ ਵੋਟ ਪਾਈ ਸੀ।

