ਇੰਗਲੈਂਡ ‘ਚ ਸੜਕ ਕਿਨਾਰੇ ਖੜ੍ਹੇ ਪਤੀ-ਪਤਨੀ ‘ਤੇ ਕਾਰ ਚੜ੍ਹਾਉਣ ਵਾਲੇ ਪੰਜਾਬੀ ਹਰਿੰਦਰਪਾਲ ਅਥਵਾਲ ਨੂੰ 11 ਸਾਲ ਦੀ ਕੈਦ

ਇੰਗਲੈਂਡ ‘ਚ ਸੜਕ ਕਿਨਾਰੇ ਖੜ੍ਹੇ ਪਤੀ-ਪਤਨੀ ‘ਤੇ ਕਾਰ ਚੜ੍ਹਾਉਣ ਵਾਲੇ ਪੰਜਾਬੀ ਹਰਿੰਦਰਪਾਲ ਅਥਵਾਲ ਨੂੰ 11 ਸਾਲ ਦੀ ਕੈਦ

ਚੰਡੀਗੜ੍ਹ: ਇੰਗਲੈਂਡ ਦੀ ਇੱਕ ਅਦਾਲਤ ਨੇ ਸੋਹੋ ਰੋਡ ’ਤੇ ਵਾਪਰੇ ਇੱਕ ਖ਼ੌਫ਼ਨਾਕ ਸੜਕ ਹਾਦਸੇ ਦੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਇੱਕ ਵਿਅਕਤੀ ਨੂੰ 11 ਸਾਲ ਅਤੇ ਤਿੰਨ ਮਹੀਨੇ ਦੀ ਕੈਦ ਦੀ ਸਖ਼ਤ ਸਜ਼ਾ ਸੁਣਾਈ ਹੈ। ਵੈਸਟ ਮਿਡਲੈਂਡਜ਼ ਪੁਲੀਸ ਮੁਤਾਬਕ, 41 ਸਾਲਾ ਹਰਿੰਦਰਪਾਲ ਅਥਵਾਲ ਨੇ ਲੰਘੇ ਸਾਲ 16 ਦਸੰਬਰ ਦੀ ਸਵੇਰ ਬਰਮਿੰਘਮ ਸਿਟੀ ਸੈਂਟਰ ਤੋਂ ਨਿਕਲਣ ਤੋਂ ਬਾਅਦ ਸੋਹੋ ਰੋਡ ’ਤੇ ਆਪਣੀ ਕਾਰ ਲਾਪਰਵਾਹੀ ਨਾਲ ਚਲਾਈ। ਉਸ ਨੇ ਆਪਣੀ ਗੱਡੀ ਸਾਹਮਣੇ ਤੋਂ ਆ ਰਹੀ ਟਰੈਫਿਕ ਵੱਲ ਮੋੜ ਦਿੱਤੀ ਅਤੇ ਫਿਰ ਫੁੱਟਪਾਥ (ਪੇਵਮੈਂਟ) ’ਤੇ ਚੜ੍ਹਾ ਦਿੱਤੀ। ਇਸ ਦੌਰਾਨ ਉੱਥੇ ਖੜ੍ਹੇ ਇੱਕ 54 ਸਾਲਾ ਵਿਅਕਤੀ ਅਤੇ ਉਸ ਦੀ 47 ਸਾਲਾ ਪਤਨੀ ਨੂੰ ਅਥਵਾਲ ਨੇ ਆਪਣੀ ਕਾਰ ਦੀ ਲਪੇਟ ਵਿੱਚ ਲੈ ਲਿਆ ਅਤੇ ਬਾਅਦ ਵਿੱਚ ਕਾਰ ਇੱਕ ਖੜ੍ਹੇ ਵਾਹਨ ਨਾਲ ਜਾ ਟਕਰਾਈ। ਇੱਥੇ ਹੀ ਬਸ ਨਹੀਂ, ਮੁਲਜ਼ਮ ਨੇ ਬੇਰਹਿਮੀ ਦੀਆਂ ਹੱਦਾਂ ਪਾਰ ਕਰਦਿਆਂ ਕਾਰ ਨੂੰ ਪਿੱਛੇ ਮੋੜਿਆ ਅਤੇ ਦੁਬਾਰਾ ਉਸ ਵਿਅਕਤੀ ‘ਤੇ ਚੜ੍ਹਾ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ।

ਪਤੀ ਦੀ ਮੌਕੇ ’ਤੇ ਮੌਤ, ਪਤਨੀ ਹਸਪਤਾਲ ਦਾਖ਼ਲ

ਇਸ ਦਰਦਨਾਕ ਹਾਦਸੇ ਵਿੱਚ ਪਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦੀ ਪਤਨੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਪੀੜਤ ਔਰਤ ਨੂੰ ਅਜਿਹੀਆਂ ਸੱਟਾਂ ਲੱਗੀਆਂ ਹਨ ਜਿਸ ਨੇ ਉਸ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ ਹੈ। ਅਦਾਲਤ ਵਿੱਚ ਪੀੜਤ ਵਿਧਵਾ ਨੇ ਆਪਣੇ ਬਿਆਨਾਂ ਵਿੱਚ ਭਾਵੁਕ ਹੁੰਦਿਆਂ ਕਿਹਾ ਕਿ ਅਥਵਾਲ ਦੇ ਇਸ ਗੁਨਾਹ ਨੇ ਉਸ ਦੇ ਪਤੀ ਨੂੰ ਖੋਹ ਲਿਆ, ਉਸ ਦੀ ਸਿਹਤ ਬਰਬਾਦ ਕਰ ਦਿੱਤੀ ਅਤੇ ਉਸ ਦੇ ਬੱਚਿਆਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਉਸ ਨੇ ਦੱਸਿਆ ਕਿ ਉਹ ਹਰ ਰੋਜ਼ ਆਪਣੇ ਪਤੀ ਲਈ ਰੋਂਦੀ ਹੈ, ਜੋ ਉਸ ਦਾ ਮਾਨਸਿਕ ਸਹਾਰਾ, ਤਾਕਤ ਅਤੇ ਪਰਿਵਾਰ ਦੀ ਮੁੱਖ ਕੜੀ ਸਨ।

ਓਲਡਬਰੀ ਦੇ ਸੋਰਲ ਕਲੋਜ਼ ਦੇ ਰਹਿਣ ਵਾਲੇ ਹਰਿੰਦਰਪਾਲ ਅਥਵਾਲ ਨੂੰ ਪੁਲੀਸ ਨੇ ਘਟਨਾ ਦੇ ਇੱਕ ਦਿਨ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਕਿਸੇ ਦੀ ਮੌਤ ਹੋ ਚੁੱਕੀ ਹੈ। ਮੁਲਜ਼ਮ ਨੇ 19 ਜਨਵਰੀ ਨੂੰ ਅਦਾਲਤ ਵਿੱਚ ਖ਼ਤਰਨਾਕ ਡਰਾਈਵਿੰਗ ਕਾਰਨ ਮੌਤ ਸਣੇ ਕਈ ਗੰਭੀਰ ਅਪਰਾਧਾਂ ਤਹਿਤ ਆਪਣਾ ਗੁਨਾਹ ਕਬੂਲ ਕਰ ਲਿਆ ਸੀ।

ਲੰਘੀ 13 ਮਈ ਨੂੰ ਬਰਮਿੰਘਮ ਕਰਾਊਨ ਕੋਰਟ ਨੇ ਇਸ ਮਾਮਲੇ ’ਤੇ ਸੁਣਵਾਈ ਕਰਦਿਆਂ ਅਥਵਾਲ ਨੂੰ 11 ਸਾਲ 3 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ ਅਦਾਲਤ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਰਿਹਾਈ ਤੋਂ ਬਾਅਦ ਅਗਲੇ 20 ਸਾਲਾਂ ਤੱਕ ਉਸ ਦੇ ਡਰਾਈਵਿੰਗ ਕਰਨ ’ਤੇ ਵੀ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ।

Share: