Moga Murder Case: ਪਿੰਡ ਭਲੂਰ ਦੇ ਸ਼ਮਸ਼ਾਨਘਾਟ ’ਚੋਂ ਨੌਜਵਾਨ ਦੀ ਮਿਲੀ ਭੇਦਭਰੀ ਲਾਸ਼

ਸਮਾਲਸਰ: ਨੇੜਲੇ ਪਿੰਡ ਭਲੂਰ (ਮੋਗਾ) ਵਿਖੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਸ਼ਮਸ਼ਾਨਘਾਟ ਵਿੱਚੋਂ ਐੱਸ.ਸੀ. ਭਾਈਚਾਰੇ ਨਾਲ ਸਬੰਧਤ ਇੱਕ 32 ਸਾਲਾ ਨੌਜਵਾਨ ਹਰਵਿੰਦਰ ਸਿੰਘ ਉਰਫ਼ ਮਾਣਕ ਪੁੱਤਰ ਨਾਇਬ ਸਿੰਘ ਦੀ ਲਾਸ਼ ਭੇਦਭਰੀ ਹਾਲਤ ਵਿੱਚ ਬਰਾਮਦ ਹੋਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਮਾਲਸਰ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਵਿਖੇ ਭੇਜ ਦਿੱਤਾ। ਪੁਲੀਸ ਅਤੇ ਪਰਿਵਾਰ ਮੁਤਾਬਕ ਮ੍ਰਿਤਕ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਸੱਟਾਂ ਦੇ ਡੂੰਘੇ ਨਿਸ਼ਾਨ ਸਨ, ਜੋ ਕਤਲ ਵੱਲ ਇਸ਼ਾਰਾ ਕਰਦੇ ਹਨ।

ਇਸ ਮਾਮਲੇ ਵਿੱਚ ਮ੍ਰਿਤਕ ਦੇ ਭਰਾ ਜਲਵਿੰਦਰ ਸਿੰਘ, ਜੋ ਕੋਟਕਪੂਰਾ ਵਿਖੇ ਬੁਟੀਕ (ਦਰਜ਼ੀ) ਦਾ ਕੰਮ ਕਰਦਾ ਹੈ, ਨੇ ਪੁਲੀਸ ਕੋਲ ਦੋਸ਼ ਲਗਾਉਂਦਿਆਂ ਬਿਆਨ ਦਰਜ ਕਰਵਾਏ ਹਨ ਕਿ ਇਹ ਸਿੱਧਾ ਕਤਲ ਦਾ ਮਾਮਲਾ ਹੈ। ਉਸ ਨੇ ਦੱਸਿਆ ਕਿ ਉਸ ਦੀ ਭਰਜਾਈ ਰਮਨਦੀਪ ਕੌਰ (ਮ੍ਰਿਤਕ ਦੀ ਪਤਨੀ) ਦੇ ਪਿੰਡ ਦੇ ਹੀ ਜਨਰਲ ਵਰਗ ਦੇ ਇੱਕ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਨਾਲ ਪਿਛਲੇ ਲੰਮੇ ਸਮੇਂ ਤੋਂ ਨਜਾਇਜ਼ ਸਬੰਧ ਸਨ। ਜਲਵਿੰਦਰ ਮੁਤਾਬਕ, ਉਸ ਨੇ ਕਈ ਵਾਰ ਆਪਣੀ ਭਰਜਾਈ ਅਤੇ ਹਰਪ੍ਰੀਤ ਸਿੰਘ ਨੂੰ ਵਰਜਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਅੱਗੋਂ ਲੜਨ ਲੱਗ ਪੈਂਦੇ ਸਨ। ਪਰਿਵਾਰ ਦਾ ਦਾਅਵਾ ਹੈ ਕਿ ਰਮਨਦੀਪ ਕੌਰ ਅਤੇ ਉਸ ਦੇ ਪ੍ਰੇਮੀ ਨੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਇਸ ਖ਼ੂਨੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਦੇਰ ਰਾਤ ਥਾਣਾ ਸਮਾਲਸਰ ਪਹੁੰਚੇ ਡੀ.ਐੱਸ.ਪੀ. ਬਾਘਾਪੁਰਾਣਾ ਜਸਬਿੰਦਰ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲੀਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਐੱਫ.ਆਈ.ਆਰ. ਨੰਬਰ 81 ਅਧੀਨ ਧਾਰਾ 302, 201 ਅਤੇ 120-ਬੀ ਆਈ.ਪੀ.ਸੀ. ਤਹਿਤ ਰਮਨਦੀਪ ਕੌਰ, ਹਰਪ੍ਰੀਤ ਸਿੰਘ ਅਤੇ ਕੁਝ ਹੋਰਨਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੌਤ ਦੇ ਅਸਲ ਕਾਰਨਾਂ ਅਤੇ ਕਤਲ ਦੇ ਤਰੀਕੇ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ। ਡੀ.ਐੱਸ.ਪੀ. ਖਹਿਰਾ ਨੇ ਸਾਫ਼ ਕੀਤਾ ਕਿ ਮਾਮਲੇ ਦੀ ਬਾਰੀਕੀ ਨਾਲ ਛਾਨਬੀਣ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਲਈ ਕਈ ਸ਼ੱਕੀ ਵਿਅਕਤੀਆਂ ਨੂੰ ਰਾਊਂਡਅੱਪ ਕਰਕੇ ਥਾਣੇ ਬੁਲਾਇਆ ਗਿਆ ਹੈ, ਹਾਲਾਂਕਿ ਇਸ ਮਾਮਲੇ ਵਿੱਚ ਅਜੇ ਤੱਕ ਅਧਿਕਾਰਤ ਤੌਰ ’ਤੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲੀਸ ਦਾ ਦਾਅਵਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਸਲਾਖਾਂ ਪਿੱਛੇ ਧੱਕ ਦਿੱਤਾ ਜਾਵੇਗਾ।
Share: