ਨਵੀਂ ਦਿੱਲੀ : ਭਾਰਤ ਨੇ ਕਿਹਾ ਹੈ ਕਿ ਉਹ ਅਮਰੀਕੀ ਪਾਬੰਦੀਆਂ ’ਚ ਛੋਟ ਤੋਂ ਪਹਿਲਾਂ ਵੀ ਰੂਸ ਤੋਂ ਤੇਲ ਖਰੀਦਦਾ ਰਿਹਾ ਹੈ ਅਤੇ ਅੱਗੇ ਵੀ ਵਪਾਰਕ ਵਿਹਾਰਕਤਾ ਅਤੇ ਊਰਜਾ ਸੁਰੱਖਿਆ ਜ਼ਰੂਰਤਾਂ ਦੇ ਆਧਾਰ ’ਤੇ ਖਰੀਦ ਜਾਰੀ ਰੱਖੇਗਾ।
ਪੈਟਰੋਲੀਅਮ ਮੰਤਰਾਲੇ ’ਚ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਪੱਤਰਕਾਰ ਸੰਮੇਲਨ ’ਚ ਕਿਹਾ, ‘‘ਰੂਸ ’ਤੇ ਅਮਰੀਕੀ ਛੋਟ ਦੇ ਸਬੰਧ ’ਚ ਮੈਂ ਇਹ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਅਸੀਂ ਪਹਿਲਾਂ ਵੀ ਰੂਸ ਤੋਂ ਤੇਲ ਖਰੀਦਦੇ ਰਹੇ ਹਾਂ। ਛੋਟ ਤੋਂ ਪਹਿਲਾਂ ਵੀ, ਛੋਟ ਦੇ ਦੌਰਾਨ ਵੀ ਅਤੇ ਹੁਣ ਵੀ ਖਰੀਦਦੇ ਰਹਾਂਗੇ।’’ ਉਨ੍ਹਾਂ ਕਿਹਾ ਕਿ ਭਾਰਤ ਦੇ ਕੱਚੇ ਤੇਲ ਖਰੀਦਣ ਦੇ ਫ਼ੈਸਲੇ ਮੁੱਖ ਤੌਰ ’ਤੇ ਵਪਾਰਕ ਨਜ਼ਰੀਏ ਅਤੇ ਲੋੜੀਂਦੀ ਸਪਲਾਈ ਮੁਹੱਈਆ ਹੋਣ ’ਤੇ ਆਧਾਰਿਤ ਹੁੰਦੇ ਹਨ। ਉਨ੍ਹਾਂ ਕਿਹਾ, ‘‘ਸਾਡੇ ਲਈ ਖਰੀਦਦਾਰੀ ਦਾ ਆਧਾਰ ਮੂਲ ਰੂਪ ’ਚ ਵਪਾਰਕ ਸਮਝ ਹੈ। ਛੋਟ ਹੋਵੇ ਜਾਂ ਨਾ ਹੋਵੇ, ਇਸ ਨਾਲ ਕੋਈ ਫਰਕ ਨਹੀਂ ਪਵੇਗਾ।’’ ਉਨ੍ਹਾਂ ਕਿਹਾ ਕਿ ਕੱਚੇ ਤੇਲ ਦੀ ਕੋਈ ਕਮੀ ਨਹੀਂ ਹੈ ਅਤੇ ਲੰਮੇ ਸਮੇਂ ਦੇ ਸਮਝੌਤਿਆਂ ਤਹਿਤ ਲੋੜੀਂਦੀ ਸਪਲਾਈ ਯਕੀਨੀ ਬਣਾਈ ਗਈ ਹੈ। ਰੂਸੀ ਸਮੁੰਦਰੀ ਮਾਰਗ ਤੋਂ ਕੱਚੇ ਤੇਲ ਦੀ ਵਿਕਰੀ ਅਤੇ ਵੰਡ ਦੀ ਇਜਾਜ਼ਤ ਦੇਣ ਵਾਲੀਆਂ ਅਮਰੀਕੀ ਪਾਬੰਦੀਆਂ ’ਚ ਆਰਜ਼ੀ ਛੋਟ 16 ਮਈ ਨੂੰ ਖਤਮ ਹੋ ਗਈ ਸੀ। ਇਹ ਦੂਜੀ ਵਾਰ ਹੈ ਜਦੋਂ ਅਮਰੀਕਾ ਨੇ ਰਾਹਤ ਉਪਾਅ ਦੀ ਮਿਆਦ ਵਧਾਉਣ ’ਤੇ ਸਪੱਸ਼ਟੀਕਰਨ ਦਿੱਤੇ ਬਿਨਾਂ ਉਸ ਨੂੰ ਖਤਮ ਹੋਣ ਦਿੱਤਾ ਹੈ। ਅਮਰੀਕੀ ਵਿੱਤ ਵਿਭਾਗ ਨੇ ਇਸ ਆਮ ਲਾਇਸੈਂਸ ਪਹਿਲੀ ਵਾਰ ਮਾਰਚ ਦੇ ਮੱਧ ’ਚ ਜਾਰੀ ਕੀਤਾ ਸੀ ਅਤੇ ਅਪਰੈਲ ’ਚ ਇਸ ਦਾ ਵਾਧਾ ਕੀਤਾ ਗਿਆ ਸੀ। ਇਸ ਦਾ ਮਕਸਦ ਇਰਾਨ ਖ਼ਿਲਾਫ਼ ਅਮਰੀਕਾ-ਇਜ਼ਰਾਈਲ ਜੰਗ ਮਗਰੋਂ ਆਲਮੀ ਊਰਜਾ ਬਾਜ਼ਾਰਾਂ ’ਤੇ ਪਏ ਦਬਾਅ ਨੂੰ ਘਟਾਉਣਾ ਸੀ।

