Indian Student accident: ਸ਼ਿਕਾਗੋ ਨੇੜੇ ਸੜਕ ਹਾਦਸੇ ਵਿੱਚ ਭਾਰਤੀ ਵਿਦਿਆਰਥਣ ਦੀ ਮੌਤ

ਵਾਸ਼ਿੰਗਟਨ: ਅਮਰੀਕਾ ਵਿੱਚ ਸ਼ਿਕਾਗੋ ਨੇੜੇ ਇੱਕ ਸੜਕ ਹਾਦਸੇ ਵਿੱਚ 25 ਸਾਲਾ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ, ਜਦੋਂ ਕਿ ਛੇ ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਸ਼ਨਿਚਰਵਾਰ ਦੇਰ ਰਾਤ ਇੰਡੀਆਨਾ ਰਾਜ ਦੇ ਲੇਕ ਕਾਊਂਟੀ ਵਿੱਚ ਕਰਾਊਨ ਪੁਆਇੰਟ ਸ਼ਹਿਰ ਦੇ ਨੇੜੇ ਇੰਟਰਸਟੇਟ 65 ਹਾਈਵੇਅ ‘ਤੇ ਵਾਪਰਿਆ।

ਸਥਾਨਕ ਮੀਡੀਆ ਰਿਪੋਰਟਾਂ ਨੇ ਵਿਦਿਆਰਥਣ ਦੀ ਪਛਾਣ ਨਵਿਆ ਗਾਡੂਸੂ ਵਜੋਂ ਕੀਤੀ ਹੈ, ਜਿਸ ਨੂੰ ਲੇਕ ਕਾਊਂਟੀ ਕੋਰੋਨਰ ਦੇ ਦਫ਼ਤਰ ਵੱਲੋਂ ਐਤਵਾਰ ਰਾਤ 12:16 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ। ਕੋਰੋਨਰ ਦਫ਼ਤਰ ਦੇ ਅਨੁਸਾਰ ਗਾਡੂਸੂ ਦੀ ਮੌਤ ਮੋਟਰ ਵਾਹਨ ਹਾਦਸੇ ਵਿੱਚ ਲੱਗੀਆਂ ਗੰਭੀਰ ਸੱਟਾਂ (ਬਲੰਟ ਫੋਰਸ ਟਰਾਮੈਟਿਕ ਇੰਜਰੀਜ਼) ਦੇ ਕਾਰਨ ਹੋਈ। ਸ਼ਿਕਾਗੋ ਵਿੱਚ ਭਾਰਤੀ ਕੌਂਸੁਲੇਟ ਜਨਰਲ ਨੇ ਦਿਲੋਂ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਕਿ ਉਹ ਮ੍ਰਿਤਕ ਦੇ ਪਰਿਵਾਰ ਨਾਲ ਸੰਪਰਕ ਵਿੱਚ ਹਨ। ਕੌਂਸੁਲੇਟ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਕਿਹਾ, “ਸ਼ਿਕਾਗੋ ਨੇੜੇ ਇੱਕ ਸੜਕ ਹਾਦਸੇ ਵਿੱਚ ਭਾਰਤੀ ਵਿਦਿਆਰਥਣ ਨਵਿਆ ਗਾਡੂਸੂ ਦੇ ਦੁਖਦਾਈ ਦੇਹਾਂਤ ਤੋਂ ਸਾਨੂੰ ਡੂੰਘਾ ਦੁੱਖ ਹੋਇਆ ਹੈ। ਇਸ ਮੁਸ਼ਕਲ ਘੜੀ ਵਿੱਚ ਉਸਦੇ ਪਰਿਵਾਰ ਅਤੇ ਦੋਸਤਾਂ ਨਾਲ ਸਾਡੀ ਦਿਲੋਂ ਹਮਦਰਦੀ ਹੈ।” ਕੌਂਸਲੇਟ ਨੇ ਕਿਹਾ ਕਿ ਉਹ ਮ੍ਰਿਤਕ ਦੇ ਪਰਿਵਾਰ ਦੇ ਨਾਲ-ਨਾਲ ਦੋਸਤਾਂ ਅਤੇ ਭਾਈਚਾਰੇ ਦੇ ਮੈਂਬਰਾਂ ਦੇ ਸੰਪਰਕ ਵਿੱਚ ਹੈ ਜੋ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦੀ ਮਦਦ ਕਰ ਰਹੇ ਹਨ।

Share: