Gang-rape inside bus: ਪ੍ਰਾਈਵੇਟ ਬੱਸ ਵਿੱਚ ਮਹਿਲਾ ਨਾਲ ਸਮੂਹਿਕ ਜਬਰ ਜਨਾਹ, ਮੁਲਜ਼ਮ ਕਾਬੂ

Gang-rape inside bus: ਪ੍ਰਾਈਵੇਟ ਬੱਸ ਵਿੱਚ ਮਹਿਲਾ ਨਾਲ ਸਮੂਹਿਕ ਜਬਰ ਜਨਾਹ, ਮੁਲਜ਼ਮ ਕਾਬੂ

ਨਵੀਂ ਦਿੱਲੀ: ਦਿੱਲੀ ਦੇ ਨਾਂਗਲੋਈ ਇਲਾਕੇ ਵਿੱਚ ਇੱਕ ਪ੍ਰਾਈਵੇਟ ਬੱਸ ਦੇ ਅੰਦਰ ਇੱਕ ਔਰਤ ਨਾਲ ਕਥਿਤ ਤੌਰ ‘ਤੇ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਿੱਲੀ ਪੁਲੀਸ ਨੇ ਕਿਹਾ ਕਿ ਰਾਣੀ ਬਾਗ ਥਾਣੇ ਵਿੱਚ ਮਾਮਲਾ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਅਪਰਾਧ ਵਿੱਚ ਵਰਤੀ ਗਈ ਬੱਸ ਨੂੰ ਜ਼ਬਤ ਕਰ ਲਿਆ ਗਿਆ ਹੈ। ਇਸ ਸਬੰਧੀ ਪੁਲੀਸ ਸਟੇਸ਼ਨ ਰਾਣੀ ਬਾਗ ਵਿੱਚ ਬੀ.ਐਨ.ਐਸ (BNS) ਦੀਆਂ ਧਾਰਾਵਾਂ 64(1), 70(1) ਅਤੇ 3(5) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਮੁਲਜ਼ਮ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਅਗਲੇਰੀ ਜਾਂਚ ਜਾਰੀ ਹੈ। ਦੂਜੇ ਪਾਸੇ ਆਪ (AAP) ਆਗੂਆਂ ਸੌਰਭ ਭਾਰਦਵਾਜ ਅਤੇ ਮਨੀਸ਼ ਸਿਸੋਦੀਆ, ਕਾਂਗਰਸੀ ਆਗੂ ਅਭਿਸ਼ੇਕ ਦੱਤ ਕਥਿਤ ਸਮੂਹਿਕ ਜਬਰ ਜਨਾਹ ਦੇ ਮਾਮਲੇ ਵਿੱਚ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਦਿੱਲੀ ਪੁਲੀਸ ‘ਤੇ ਤਿੱਖਾ ਹਮਲਾ ਕੀਤਾ ਹੈ।

ਸੌਰਭ ਭਾਰਦਵਾਜ ਨੇ ਸਵਾਲ ਚੁੱਕਿਆ ਕਿ ਦਿੱਲੀ ਪੁਲੀਸ ਨੇ ਕਥਿਤ ਤੌਰ ‘ਤੇ ਦੋ ਦਿਨਾਂ ਦੀ ਦੇਰੀ ਤੋਂ ਬਾਅਦ ਮੀਡੀਆ ਨੂੰ ਘਟਨਾ ਬਾਰੇ ਜਾਣਕਾਰੀ ਕਿਉਂ ਦਿੱਤੀ ਅਤੇ ਪੁੱਛਿਆ ਕਿ ਕੀ ਇਸ ਮਾਮਲੇ ਨੂੰ “ਦਬਾਉਣ” ਜਾਂ ਜਨਤਕ ਹੋਣ ਤੋਂ ਪਹਿਲਾਂ ਇਸ ਨੂੰ ਸੰਭਾਲਣ ਦੀ ਕੋਈ ਕੋਸ਼ਿਸ਼ ਕੀਤੀ ਗਈ ਸੀ।

ਉਨ੍ਹਾਂ ਕਿਹਾ, “ਅੱਜ ਭਾਜਪਾ ਨੇ ਦਿੱਲੀ ਦੇ ਨਾਗਰਿਕਾਂ ਨੂੰ ਅਜਿਹੇ ਦਰਸ਼ਕਾਂ ਵਿੱਚ ਬਦਲ ਦਿੱਤਾ ਹੈ ਜਿਨ੍ਹਾਂ ਤੋਂ ਸਿਰਫ਼ ਰੀਲਾਂ ਨੂੰ ਲਾਈਕ ਕਰਦੇ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ। ਅਸੀਂ ਪੁਲੀਸ ਕਮਿਸ਼ਨਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਇਹ ਕਿਸ ਤਰ੍ਹਾਂ ਦੀ ਕਾਨੂੰਨ ਵਿਵਸਥਾ ਹੈ ਜਿੱਥੇ ਕੇਂਦਰੀ ਦਿੱਲੀ ਵਿੱਚ ਦੋ ਘੰਟੇ ਤੱਕ ਬੱਸ ਘੁੰਮਦੀ ਰਹੀ ਜਦੋਂ ਕਿ ਇੱਕ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਅਤੇ ਬਾਅਦ ਵਿੱਚ ਉਸ ਨੂੰ ਸੜਕ ‘ਤੇ ਸੁੱਟ ਦਿੱਤਾ ਗਿਆ।”

ਇਸ ਨੂੰ “ਇੱਕ ਹੋਰ ਨਿਰਭਯਾ ਕਾਂਡ” ਕਰਾਰ ਦਿੰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਔਰਤਾਂ “ਸਕੂਲਾਂ ਵਿੱਚ ਸੁਰੱਖਿਅਤ ਨਹੀਂ ਹਨ, ਬੱਸਾਂ ਵਿੱਚ ਸੁਰੱਖਿਅਤ ਨਹੀਂ ਹਨ” ਅਤੇ ਉਨ੍ਹਾਂ ਦਿੱਲੀ ਵਿੱਚ ਭਾਜਪਾ ਸਰਕਾਰ ‘ਤੇ ਔਰਤਾਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋਣ ਦਾ ਦੋਸ਼ ਲਾਇਆ।

ਕਾਂਗਰਸੀ ਆਗੂ ਅਭਿਸ਼ੇਕ ਦੱਤ ਨੇ ਕਿਹਾ ਕਿ ਮੈਟਰੋ ਸ਼ਹਿਰਾਂ ਵਿੱਚੋਂ ਦਿੱਲੀ ਵਿੱਚ ਔਰਤਾਂ ਵਿਰੁੱਧ ਅਪਰਾਧ ਸਭ ਤੋਂ ਵੱਧ ਦਰਜ ਹੁੰਦੇ ਹਨ। ਉਨ੍ਹਾਂ ਨੇ ਦਿੱਲੀ ਪੁਲੀਸ ਵਿੱਚ ਵੱਡੇ ਸੁਧਾਰਾਂ ਦੀ ਮੰਗ ਕੀਤੀ ਅਤੇ ਅਧਿਕਾਰੀਆਂ ਨੂੰ ਵੀਵੀਆਈਪੀ (VVIP) ਤੈਨਾਤੀ ਘਟਾ ਕੇ ਜ਼ਮੀਨੀ ਪੱਧਰ ਦੀ ਪੁਲਿਸਿੰਗ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ।

Share: