ਲੰਬੀ: :ਪਿੰਡ ਲੁਹਾਰਾ ਦੇ ਬਾਗਬਾਨੀ ਨਾਲ ਜੁੜੇ ਪੰਜਾਬ ਪੁਲੀਸ ਦੇ ਸੇਵਾਮੁਕਤ ਏ.ਐਸ.ਆਈ. ਬਲਜੀਤ ਸਿੰਘ ਲੁਹਾਰਾ ਦੀ ਸਪੁੱਤਰੀ ਗੁਰਨੂਰ ਕੌਰ ਨੇ ਸੀਬੀਐੱਸਈ ਬੋਰਡ ਦੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਰਟਸ ਵਰਗ ਵਿੱਚ 500 ਵਿੱਚੋਂ 498 ਅੰਕ ਪ੍ਰਾਪਤ ਕਰਕੇ 99.6 ਫੀਸਦੀ ਨੰਬਰ ਹਾਸਲ ਕੀਤੇ ਹਨ। ਇਸ ਉਪਲਬਧੀ ਨਾਲ ਗੁਰਨੂਰ ਕੌਰ ਨੇ ਦੇਸ਼ ਭਰ ਵਿੱਚ ਦੂਸਰਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ, ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।
ਕਿੱਡਜ਼ ਕਿੰਗਡਮ ਸਕੂਲ ਦੀ ਵਿਦਿਆਰਥਣ ਗੁਰਨੂਰ ਕੌਰ ਸਿਰਫ ਪੜ੍ਹਾਈ ਵਿੱਚ ਹੀ ਨਹੀਂ, ਸਗੋਂ ਖੇਡਾਂ ਵਿੱਚ ਵੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਉਸਨੇ ਸਾਲ 2025 ਵਿੱਚ ਹੈਮਰ ਥਰੋਅ ਮੁਕਾਬਲੇ ਵਿੱਚ ਪੰਜਾਬ ਸਟੇਟ ਖੇਡਾਂ ਦੌਰਾਨ ਸੋਨ ਤਮਗਾ ਜਿੱਤ ਕੇ ਆਪਣੀ ਖੇਡ ਕਾਬਲੀਅਤ ਦਾ ਸਬੂਤ ਦਿੱਤਾ ਸੀ। ਹਰਨੂਰ ਕੌਰ ਦੀ ਵਿਲੱਖਣਤਾ ਹੈ ਕਿ ਉਹ ਛੋਟੀ ਉਮਰ ਵਿੱਚ ਪੜ੍ਹਾਈ ਦੇ ਇਲਾਵਾ ਪਿਤਾ ਬਲਜੀਤ ਸਿੰਘ ਦੇ ਨਾਲ ਕਿੰਨੂ ਬਾਗਬਾਨੀ ਵਿੱਚ ਪੁੱਤਰਾਂ ਵਾਂਗ ਹੱਥ ਵੰਡਾਉਂਦੀ ਹੈ।
ਗੁਰਨੂਰ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਮਾਪਿਆਂ, ਅਧਿਆਪਕਾਂ ਅਤੇ ਲਗਾਤਾਰ ਮਿਹਨਤ ਨੂੰ ਦਿੱਤਾ ਹੈ। ਗੁਰਨੂਰ ਕੌਰ ਦਾ ਸੁਪਨਾ ਗਰੈਜੂਏਸ਼ਨ ਤੋਂ ਬਾਅਦ ਯੂਪੀਐੱਸਈ ਦੀ ਤਿਆਰੀ ਕਰਕੇ ਸਿਵਿਲ ਸੇਵਾਵਾਂ ਵਿੱਚ ਜਾਣ ਦਾ ਹੈ।
ਤਿੰਨ ਧੀਆਂ ਦੇ ਪਿਤਾ ਅਤੇ ਪੰਜਾਬ ਪੁਲਪਸ ਵਿੱਚੋਂ ਸੇਵਾਮੁਕਤ ਏ.ਐਸ.ਆਈ. ਬਲਜੀਤ ਸਿੰਘ ਨੇ ਹੋਣਹਾਰ ਸਪੁੱਤਰੀ ਦੀ ਸ਼ਾਨਾਮੱਤੀ ਪ੍ਰਾਪਤੀ ‘ਤੇ ਖੁਸ਼ੀ ਜ਼ਾਹਰ ਕਰਦੇ ਕਿਹਾ ਕਿ ਗੁਰਨੂਰ ਕੌਰ ਨੇ ਉਨ੍ਹਾਂ ਦਾ ਮਾਣ ਵਧਾਇਆ ਹੈ।

