ਫਰੀਦਕੋਟ: ਫਰੀਦਕੋਟ ਖੇਤਰ ਵਿੱਚ ਰਾਜਸਥਾਨ ਫੀਡਰ ਨਹਿਰ ਦੇ ਪੁਨਰ-ਨਿਰਮਾਣ ਅਤੇ ਰੀਲਾਈਨਿੰਗ (ਦੁਬਾਰਾ ਪੱਕਾ ਕਰਨ) ਦੇ ਕੰਮ ਨੂੰ ਪੂਰਾ ਕਰਨ ਵਿੱਚ ਹੋਈ ਦੇਰੀ ਕਾਰਨ ਰਾਜਸਥਾਨ ਨੂੰ ਪਾਣੀ ਦੀ ਸਪਲਾਈ ਪਿਛਲੇ ਲਗਪਗ 45 ਦਿਨਾਂ ਤੋਂ ਪੂਰੀ ਤਰ੍ਹਾਂ ਬੰਦ ਹੈ, ਜਿਸ ਨਾਲ ਪੱਛਮੀ ਰਾਜਸਥਾਨ ਵਿੱਚ ਪੀਣ ਵਾਲੇ ਪਾਣੀ ਅਤੇ ਸਿੰਚਾਈ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ। ਨਹਿਰੀ ਪਾਣੀ, ਜੋ ਕਿ 11 ਮਈ ਦੀ ਸ਼ਾਮ ਨੂੰ ਛੱਡਿਆ ਜਾਣਾ ਤੈਅ ਸੀ, ਅਜੇ ਤੱਕ ਸ਼ੁਰੂ ਨਹੀਂ ਹੋ ਸਕਿਆ ਹੈ ਕਿਉਂਕਿ ਨਹਿਰ ਦੀ ਲਾਈਨਿੰਗ ਅਤੇ ਫਲੋਰਿੰਗ (ਫਰਸ਼) ਦਾ ਵੱਡਾ ਹਿੱਸਾ ਅਜੇ ਵੀ ਅਧੂਰਾ ਹੈ। ਰਾਜਸਥਾਨ ਦੇ ਅਧਿਕਾਰੀ ਪਾਣੀ ਦੀ ਸਪਲਾਈ ਜਲਦੀ ਤੋਂ ਜਲਦੀ ਬਹਾਲ ਕਰਨ ਲਈ ਪੰਜਾਬ ਸਰਕਾਰ ‘ਤੇ ਲਗਾਤਾਰ ਦਬਾਅ ਪਾ ਰਹੇ ਹਨ। ਪੱਛਮੀ ਰਾਜਸਥਾਨ ਦੇ ਲਗਪਗ 12 ਜ਼ਿਲ੍ਹੇ ਪੀਣ ਵਾਲੇ ਪਾਣੀ ਅਤੇ ਸਿੰਚਾਈ ਲਈ ਰਾਜਸਥਾਨ ਫੀਡਰ ਨਹਿਰ ਅਤੇ ਇੰਦਰਾ ਗਾਂਧੀ ਨਹਿਰ ਪ੍ਰਣਾਲੀ ‘ਤੇ ਬਹੁਤ ਜ਼ਿਆਦਾ ਨਿਰਭਰ ਕਰਦੇ ਹਨ। ਇਹ ਨਹਿਰੀ ਨੈੱਟਵਰਕ, ਜੋ ਭਾਰਤ ਦੇ ਸਭ ਤੋਂ ਵੱਡੇ ਸਿੰਚਾਈ ਪ੍ਰੋਜੈਕਟਾਂ ਵਿੱਚੋਂ ਇੱਕ ਹੈ, ਫਿਰੋਜ਼ਪੁਰ ਜ਼ਿਲ੍ਹੇ ਦੇ ਹਰੀਕੇ ਬੈਰਾਜ ਤੋਂ ਸਤਲੁਜ-ਬਿਆਸ ਦਾ ਪਾਣੀ ਥਾਰ ਮਾਰੂਥਲ ਦੇ ਡੂੰਘੇ ਖੇਤਰਾਂ ਤੱਕ ਲੈ ਕੇ ਜਾਂਦਾ ਹੈ।
ਰਾਜਸਥਾਨ ਨਹਿਰਾਂ ਦੇ ਸਾਬਕਾ ਮੁੱਖ ਇੰਜੀਨੀਅਰ ਵਿਨੋਦ ਮਿੱਤਲ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਬੰਦੀ ਕਾਰਨ ਰੇਗਿਸਤਾਨੀ ਜ਼ਿਲ੍ਹਿਆਂ ਵਿੱਚ ਰੋਜ਼ਾਨਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ, “ਲੋਕਾਂ ਨੂੰ ਲਗਪਗ ਦੋ ਮਹੀਨੇ ਪੁਰਾਣਾ ਸਟੋਰ ਕੀਤਾ ਪਾਣੀ ਪੀਣ ਲਈ ਸੀਮਤ ਮਾਤਰਾ ਵਿੱਚ ਵਰਤਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਡਾਇਰੀਆ ਅਤੇ ਪਾਣੀ ਤੋਂ ਹੋਣ ਵਾਲੀਆਂ ਹੋਰ ਬਿਮਾਰੀਆਂ ਦਾ ਖਤਰਾ ਮੰਡਰਾ ਰਿਹਾ ਹੈ।”
ਮਿੱਤਲ ਨੇ ਅੱਗੇ ਕਿਹਾ ਕਿ ਸਭ ਤੋਂ ਵੱਧ ਮਾਰ ਪਸ਼ੂਆਂ ‘ਤੇ ਪੈ ਰਹੀ ਹੈ ਜੋ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ, “ਪਾਣੀ ਦੀ ਸਪਲਾਈ ਵਿੱਚ ਲੰਬੇ ਸਮੇਂ ਤੋਂ ਪੈ ਰਹੇ ਵਿਘਨ ਕਾਰਨ ਪਸ਼ੂ ਪਿਆਸ ਨਾਲ ਮਰ ਰਹੇ ਹਨ।”
ਨਹਿਰੀ ਵਿਭਾਗ ਬੀਕਾਨੇਰ ਦੇ ਮੁੱਖ ਇੰਜੀਨੀਅਰ ਵਿਵੇਕ ਗੋਇਲ ਨੇ ਇਸ ਦੇਰੀ ਲਈ ਪੰਜਾਬ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ, “ਕੰਮ ਵਿੱਚ ਦੇਰੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। ਰਾਜਸਥਾਨ ਇਸ ਕਾਰਨ ਦੁੱਖ ਭੋਗ ਰਿਹਾ ਹੈ। ਹਾਲਾਂਕਿ ਪਾਣੀ ਛੱਡਣ ਦਾ ਸਮਾਂ 11 ਮਈ ਨਿਰਧਾਰਤ ਕੀਤਾ ਗਿਆ ਸੀ, ਪਰ ਸਾਨੂੰ ਭਰੋਸਾ ਦਿੱਤਾ ਗਿਆ ਹੈ ਕਿ ਇਹ 12 ਮਈ ਦੀ ਸ਼ਾਮ ਤੱਕ ਸ਼ੁਰੂ ਹੋ ਜਾਵੇਗਾ।”
ਹਾਲਾਂਕ ਮੰਗਲਵਾਰ ਸ਼ਾਮ 5.10 ਵਜੇ ਫਰੀਦਕੋਟ ਵਿੱਚ ਨਹਿਰ ਦੇ ਕੰਮ ਵਾਲੀ ਥਾਂ ਦੀ ਜਾਂਚ ਤੋਂ ਸੰਕੇਤ ਮਿਲਿਆ ਹੈ ਕਿ ਕੰਮ ਪੂਰਾ ਹੋਣ ਵਿੱਚ ਹੋਰ ਸਮਾਂ ਲੱਗ ਸਕਦਾ ਹੈ ਕਿਉਂਕਿ ਕਈ ਥਾਵਾਂ ‘ਤੇ ਸਾਈਡਵਾਲ ਲਾਈਨਿੰਗ ਅਤੇ ਫਲੋਰਿੰਗ ਅਜੇ ਵੀ ਅਧੂਰੀ ਸੀ।
ਪੰਜਾਬ ਵਿੱਚ ਨਹਿਰ ਦੇ ਸੁਪਰਡੈਂਟ ਇੰਜੀਨੀਅਰ ਸੰਦੀਪ ਗੋਇਲ ਨੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕੰਮ ਪੂਰਾ ਕਰਨ ਵਿੱਚ ਹੋਈ ਦੇਰੀ ਬਾਰੇ ਕੋਈ ਟਿੱਪਣੀ ਕਰਨ ਤੋਂ ਮਨਾਂ ਕਰਦਿਆਂ ਕਿਹਾ ਕਿ ਅਸੀਂ ਜਲਦੀ ਤੋਂ ਜਲਦੀ ਪਾਣੀ ਛੱਡ ਦੇਵਾਂਗੇ।
ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵੀ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਹੈ ਅਤੇ ਅਧਿਕਾਰੀਆਂ ਨੂੰ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਮੰਤਰੀ ਨੇ ਕਿਹਾ ਕਿ ਮੌਜੂਦਾ ਨਹਿਰੀ ਬੰਦੀ ਦੌਰਾਨ ਰਾਜਸਥਾਨ ਫੀਡਰ ਦੇ ਲਗਪਗ 16.62 ਕਿਲੋਮੀਟਰ ਬਾਕੀ ਬਚੇ ਹਿੱਸੇ ਨੂੰ ਲਗਪਗ 170 ਕਰੋੜ ਰੁਪਏ ਦੀ ਲਾਗਤ ਨਾਲ ਦੁਬਾਰਾ ਪੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਫਰੀਦਕੋਟ ਨੇੜਲੇ 12.5 ਕਿਲੋਮੀਟਰ ਹਿੱਸੇ ਨੂੰ ਕੰਕਰੀਟ ਦੀ ਬਜਾਏ ਇੱਟਾਂ ਨਾਲ ਪੱਕਾ ਕੀਤਾ ਜਾ ਰਿਹਾ ਹੈ, ਜੋ ਕਿ ਸਥਾਨਕ ਨਿਵਾਸੀਆਂ ਅਤੇ ਕਿਸਾਨਾਂ ਦੀ ਮੰਗ ‘ਤੇ ਕੀਤਾ ਗਿਆ ਹੈ ਤਾਂ ਜੋ ਜ਼ਮੀਨੀ ਪਾਣੀ ਦੇ ਰੀਚਾਰਜ ਦੀ ਸਹੂਲਤ ਮਿਲ ਸਕੇ ਅਤੇ ਵਾਤਾਵਰਣ ਦਾ ਸੰਤੁਲਨ ਬਣਿਆ ਰਹੇ।

