ਪਾਤੜਾਂ: ਭਾਰਤ ਮਾਲਾ ਪ੍ਰਾਜੈਕਟ ਤਹਿਤ ਬਣਿਆ ਜੰਮੂ-ਕਟੜਾ ਐਕਸਪ੍ਰੈਸਵੇਅ ਹਾਲੇ ਵੀ ਲੋਕਾਂ ਦੀ ਖੱਜਲ ਖੁਆਰੀ ਦਾ ਕਾਰਨ ਬਣਿਆ ਹੋਇਆ ਹੈ। ਐਤਵਾਰ ਨੂੰ ਰਾਸ਼ਟਰੀ ਰਾਜ ਮਾਰਗ ਅਥਾਰਟੀ ਦੇ ਅਧਿਕਾਰੀਆਂ ਨੇ ਠਰੂਆ ਤੋਂ ਲੈ ਕੇ ਘੱਗਾ ਤੱਕ ਤਿੰਨ ਥਾਂ ਤੋਂ ਬੰਦ ਕੀਤੇ ਮਾਰਗ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਪੂਰੀ ਤਰ੍ਹਾਂ ਮਾਰਗ ਨਾ ਖੁੱਲ੍ਹਣ ਕਰਕੇ ਦੇਰ ਰਾਤ ਮਿੱਟੀ ਦੇ ਢੇਰ ਕਾਰਨ ਟਰਾਲਾ ਪਲਟ ਗਿਆ, ਜਦਕਿ ਦੂਸਰਾ ਮਿੱਟੀ ਵਿੱਚ ਫਸ ਗਿਆ। ਜਦੋਂ ਲੋਕਾਂ ਨੇ ਮਾਰਗ ਦੇ ਅਧਿਕਾਰੀਆਂ ਨਾਲ ਫੋਨ ‘ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਉਨ੍ਹਾਂ ਦੀ ਟੀਮ ਅੱਜ ਮਾਰਗ ਨੂੰ ਪੂਰੀ ਤਰ੍ਹਾਂ ਖੁੱਲ੍ਹਵਾਉਣ ਲਈ ਆ ਰਹੀ ਹੈ।
ਦੱਸਣਯੋਗ ਹੈ ਕਿ ਜੰਮੂ-ਕਟੜਾ ਐਕਸਪ੍ਰੈੱਸਵੇਅ ‘ਤੇ ਦੇਰ ਰਾਤ ਪਲਾਈ ਨਾਲ ਭਰਿਆ ਟਰਾਲਾ, ਜੋ ਦਿੱਲੀ ਤੋਂ ਮੋਗਾ ਨੂੰ ਜਾ ਰਿਹਾ ਸੀ, ਮਿੱਟੀ ਦੇ ਢੇਰ ਨਾਲ ਟਕਰਾਅ ਕੇ ਦੂਸਰੇ ਪਾਸੇ ਪਲਟ ਗਿਆ। ਟਰੱਕ ਡਰਾਈਵਰ ਨੇ ਦੱਸਿਆ ਕਿ ਇਸ ਹਾਦਸੇ ਵਿਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਉਸ ਦੀ ਗੱਡੀ ਤੇ ਸਾਮਾਨ ਦਾ ਲੱਖਾਂ ਰੁਪਏ ਵਿਚ ਨੁਕਸਾਨ ਹੋ ਗਿਆ ਹੈ। ਦੂਜੇ ਹਾਦਸੇ ਵਿੱਚ ਦਿੱਲੀ ਨੂੰ ਜਾ ਰਿਹਾ ਟਰਾਲਾ ਅੱਗੇ ਪਈ ਮਿੱਟੀ ਦੇ ਢੇਰ ਕਾਰਨ ਰਸਤਾ ਬਦਲਦੇ ਸਮੇਂ ਕੱਚੇ ਥਾਂ ‘ਚ ਫਸ ਗਿਆ, ਜਿਸ ਨੂੰ ਮਸ਼ੀਨ ਦੀ ਸਹਾਇਤਾ ਨਾਲ ਭਾਰੀ ਮੁਸ਼ੱਕਤ ਕਰਕੇ ਕੱਢਿਆ ਗਿਆ। ਰਾਸ਼ਟਰੀ ਰਾਜ ਮਾਰਗ ਅਥਾਰਟੀ ਦੇ ਐੱਸ ਡੀ ਓ ਚੰਦਨ ਕੁਮਾਰ ਨੇ ਦੱਸਿਆ ਹੈ ਕਿ ਮਾਰਗ ਦੇ ਦੋਨੋਂ ਪਾਸੇ ਕੁਝ ਸ਼ਰਾਰਤੀ ਅਨਸਰਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਟਿੱਪਰਾਂ ਨਾਲ ਮਿੱਟੀ ਸੁੱਟ ਕੇ ਰਾਹਗੀਰਾਂ ਲਈ ਮੁਸੀਬਤਾਂ ਖੜ੍ਹੀਆਂ ਕੀਤੀਆਂ ਸਨ। ਅੱਜ ਫੇਰ ਉਨ੍ਹਾਂ ਦੀ ਟੀਮ ਇਨ੍ਹਾਂ ਰੋਕਾਂ ਨੂੰ ਹਟਾਉਣ ਵਿੱਚ ਲੱਗੀ ਹੋਈ ਹੈ ਛੇਤੀ ਹੀ ਰੋਕਾਂ ਹਟਾ ਕੇ ਮਾਰਗ ਨੂੰ ਚਲਦਾ ਕਰ ਦਿੱਤਾ ਜਾਵੇਗਾ।

