ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੱਜ ਦੇਰ ਸ਼ਾਮ ਸੰਜੀਵ ਅਰੋੜਾ ਦੇ ਤਿੰਨਾਂ ਮਹਿਕਮਿਆਂ ਨੂੰ ਤਿੰਨ ਹੋਰਨਾਂ ਮੰਤਰੀਆਂ ਦੇ ਹਵਾਲੇ ਕਰ ਦਿੱਤਾ ਹੈ। ਇਸ ਦੌਰਾਨ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੂੰ ਬਿਜਲੀ, ਹਰਜੋਤ ਸਿੰਘ ਬੈਂਸ ਨੂੰ ਸਥਾਨਕ ਸਰਕਾਰਾਂ ਵਿਭਾਗ ਅਤੇ ਅਮਨ ਅਰੋੜਾ ਨੂੰ ਸਨਅਤੀ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਐਲਾਨ ਅੱਜ ਦੇਰ ਸ਼ਾਮ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਸ਼ਨਿੱਚਰਵਾਰ ਨੂੰ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਵੱਖ-ਵੱਖ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਸਨ। ਇਸ ਦੌਰਾਨ ਈ ਡੀ ਨੇ 12 ਘੰਟਿਆਂ ਦੀ ਕਾਰਵਾਈ ਤੋਂ ਬਾਅਦ ਸੰਜੀਵ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਦੇ ਨਾਲ ਹੀ ਉਨ੍ਹਾਂ ਕੋਲ ਮੌਜੂਦ ਸਥਾਨਕ ਸਰਕਾਰਾਂ ਵਿਭਾਗ, ਬਿਜਲੀ ਵਿਭਾਗ ਤੇ ਇੰਡਸਟਰੀ ਵਿਭਾਗ ਦਾ ਕੋਈ ਵੀ ਮੰਤਰੀ ਵਾਲੀ ਵਾਰਸ ਨਹੀਂ ਰਿਹਾ ਸੀ ਪਰ ਸੂਬਾ ਸਰਕਾਰ ਵਿੱਚ ਇਹ ਤਿੰਨੋਂ ਵਿਭਾਗ ਅਹਿਮ ਮੰਨੇ ਜਾਂਦੇ ਹਨ। ਇਸ ਲਈ ਤਿੰਨਾਂ ਨੂੰ ਖਾਲੀ ਨਹੀਂ ਛੱਡਿਆ ਜਾ ਸਕਦਾ ਕਿਉਂਕਿ ਪੰਜਾਬ ਵਿੱਚ ਗਰਮੀ ਦਾ ਸੀਜ਼ਨ ਆ ਗਿਆ ਹੈ ਤੇ ਬਿਜਲੀ ਦੀ ਵੰਡ ਸਬੰਧੀ ਅਹਿਮ ਫੈਸਲੇ ਲੈਣ ਦੇ ਮੱਦੇਨਜ਼ਰ ਇਹ ਵਿਭਾਗ ਤਰੁਣਪ੍ਰੀਤ ਸੌਂਦ ਨੂੰ ਸੌਂਪਿਆ ਗਿਆ ਹੈ। ਇਸ ਦੇ ਨਾਲ ਹੀ 15 ਮਈ ਨੂੰ ਝੋਨੇ ਦੀ ਸਿੱਧੀ ਬਿਜਾਈ ਅਤੇ 1 ਜੂਨ ਤੋਂ ਝੋਨੇ ਦੀ ਲੁਆਈ ਦਾ ਸੀਜ਼ਨ ਵੀ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਅਜਿਹੇ ਹਾਲਾਤ ਵਿੱਚ ਬਿਜਲੀ ਮੰਤਰੀ ਦਾ ਮੌਜੂਦ ਰਹਿਣ ਵਧੇਰੇ ਜ਼ਰੂਰੀ ਹੁੰਦਾ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਿਵੇਸ਼ ਦੇ ਨਵੇਂ ਮੌਕੇ ਤਿਆਰ ਕਰਨ ਲਈ ਵਧੇਰੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਦੇਸ਼ਾਂ ਵਿੱਚ ਵੀ ਦੌਰੇ ਕੀਤੇ ਜਾ ਰਹੇ ਹਨ। ਇਸ ਲਈ ਇੰਡਸਟਰੀ ਮੰਤਰਾਲਾ ਵੀ ਅਹਿਮ ਹੈ। ਇਸੇ ਲਈ ਪੰਜਾਬ ਸਰਕਾਰ ਵੱਲੋਂ ਸੰਜੀਵ ਅਰੋੜਾ ਕੋਲ ਮੌਜੂਦ ਤਿੰਨੋਂ ਵਿਭਾਗਾਂ ਦੀ ਜ਼ਿੰਮੇਵਾਰੀ ਹੋਰਨਾਂ ਮੰਤਰੀਆਂ ਨੂੰ ਸੌਂਪ ਦਿੱਤੀ ਹੈ।

