Punjab: ਨੋਟਾਂ ਦੀਆਂ ਗੁੱਟੀਆਂ ਸੁੱਟਣ ਵਾਲੇ ਫੈਲਟ ’ਚੋਂ ਰਾਤ 1 ਨਿੱਕਲੀ ED ਦੀ ਟੀਮ, ਹੋਰ ਥਾਂਵਾਂ ’ਤੇ 2 ਦਿਨਾਂ ਬਾਅਦ ਵੀ ਕਾਰਵਾਈ ਜਾਰੀ

Punjab: ਨੋਟਾਂ ਦੀਆਂ ਗੁੱਟੀਆਂ ਸੁੱਟਣ ਵਾਲੇ ਫੈਲਟ ’ਚੋਂ ਰਾਤ 1 ਨਿੱਕਲੀ ED ਦੀ ਟੀਮ, ਹੋਰ ਥਾਂਵਾਂ ’ਤੇ 2 ਦਿਨਾਂ ਬਾਅਦ ਵੀ ਕਾਰਵਾਈ ਜਾਰੀ

ਮੁਹਾਲੀ: ਖਰੜ ਦੇ ਵੈਸਟਰਨ ਟਾਵਰਜ਼ ਵਿੱਚ ਕਥਿਤ ਸੰਪਰਕ ਏਜੰਟ (liasion agent) ਨਿਤਿਨ ਗੋਹਲ ਦੇ ਘਰ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਛਾਪੇ ਸ਼ਨਿਚਰਵਾਰ ਤੜਕੇ ਕਰੀਬ 1 ਵਜੇ ਖ਼ਤਮ ਹੋ ਗਏ, ਪਰ ਹੋਰ ਥਾਵਾਂ ‘ਤੇ ਤਲਾਸ਼ੀ ਅਤੇ ਜ਼ਬਤੀ ਦੀ ਕਾਰਵਾਈ 48 ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਜਾਰੀ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਈਡੀ ਦੇ ਅਧਿਕਾਰੀ ਅਤੇ ਨਾਲ ਆਏ ਸੀਆਰਪੀਐੱਫ ਦੇ ਜਵਾਨ ਤਿੰਨ ਵਾਹਨਾਂ ਵਿੱਚ ਕੁਝ ਦਸਤਾਵੇਜ਼ ਲੈ ਕੇ ਗੋਹਲ ਦੇ ਨੌਵੀਂ ਮੰਜ਼ਿਲ ਦੇ ਫਲੈਟ ਤੋਂ ਰਵਾਨਾ ਹੋਏ।

ਸੂਤਰਾਂ ਨੇ ਦੱਸਿਆ ਕਿ ਗੋਹਿਲ, ਜੋ ਘਰੋਂ ਬਾਹਰ ਨਹੀਂ ਨਿਕਲਿਆ, 40 ਘੰਟਿਆਂ ਤੋਂ ਵੱਧ ਦੀ ਪੁੱਛਗਿੱਛ ਅਤੇ “ਨਜ਼ਰਬੰਦੀ” ਤੋਂ ਬਾਅਦ ਬੁਰੀ ਤਰ੍ਹਾਂ ਥੱਕਿਆ ਹੋਇਆ ਸੀ। ਖਰੜ ਦੇ ਵੈਸਟਰਨ ਟਾਵਰਜ਼ ਵਿੱਚ ਗੋਹਿਲ ਦਾ ਨੌਵੀਂ ਮੰਜ਼ਿਲ ਦਾ ਫਲੈਟ ਉਦੋਂ ਚਰਚਾ ਵਿੱਚ ਆਇਆ ਜਦੋਂ ਅਧਿਕਾਰੀਆਂ ਵੱਲੋਂ ਦਰਵਾਜ਼ਾ ਖੜਕਾਉਣ ‘ਤੇ ਬਾਲਕੋਨੀ ਤੋਂ ਕਥਿਤ ਤੌਰ ‘ਤੇ ਸੁੱਟੇ ਗਏ ਨਕਦੀ ਦੇ ਦੋ ਬੈਗਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ। ਈਡੀ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਨੌਵੀਂ ਮੰਜ਼ਿਲ ਦੇ ਫਲੈਟ ਦੀ ਬਾਲਕੋਨੀ ਤੋਂ ਦੋ ਬੈਗਾਂ ਵਿੱਚ 21 ਲੱਖ ਰੁਪਏ ਨਕਦ ਹੇਠਾਂ ਸੁੱਟੇ ਗਏ ਸਨ, ਜੋ ਬਾਅਦ ਵਿੱਚ ਬਰਾਮਦ ਕਰ ਲਏ ਗਏ।

ਈਡੀ ਅਧਿਕਾਰੀਆਂ ਨੇ ਦੱਸਿਆ ਕਿ ਗੋਹਿਲ ‘ਤੇ ਉਨ੍ਹਾਂ ਬਿਲਡਰਾਂ ਦੀ “ਮਦਦ” ਕਰਨ ਦਾ ਕਥਿਤ ਦੋਸ਼ ਹੈ ਜਿਨ੍ਹਾਂ ਨੇ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੀ ਫੀਸ ਦੇ ਭੁਗਤਾਨ ਵਿੱਚ “ਡਿਫਾਲਟ(ਹੇਰਾਫੇਰੀ)” ਕੀਤਾ ਸੀ ਅਤੇ ਉਨ੍ਹਾਂ ਲਈ ਸਿਆਸੀ ਸੁਰੱਖਿਆ ਦਾ ਪ੍ਰਬੰਧ ਕੀਤਾ ਸੀ।

ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਮੁਹਾਲੀ ਦੇ ਇੱਕ ਕਾਰੋਬਾਰੀ ਅਤੇ ਕਥਿਤ ਸੰਪਰਕ ਏਜੰਟ ਪ੍ਰਿਤਪਾਲ ਸਿੰਘ ਢੀਂਡਸਾ ਦੇ ਫੇਜ਼-4 ਸਥਿਤ ਘਰ ‘ਤੇ ਛਾਪੇਮਾਰੀ ਸ਼ਨਿਚਰਵਾਰ ਸਵੇਰੇ ਵੀ ਜਾਰੀ ਸੀ। ਈਡੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਸੀ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਇਨ੍ਹਾਂ ਟਿਕਾਣਿਆਂ ਤੋਂ 1 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਅਤੇ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।

ਮੁਹਾਲੀ, ਨਿਊ ਚੰਡੀਗੜ੍ਹ ਅਤੇ ਚੰਡੀਗੜ੍ਹ ਵਿੱਚ ਸਨਟੈਕ ਸਿਟੀ ਪ੍ਰੋਜੈਕਟ, ਅਜੇ ਸਹਿਗਲ, ਏਬੀਐਸ ਟਾਊਨਸ਼ਿਪਸ, ਅਲਟਸ ਬਿਲਡਰਜ਼, ਧੀਰ ਕੰਸਟਰਕਸ਼ਨ ਅਤੇ ਸਹਿਯੋਗੀਆਂ ਨਾਲ ਸਬੰਧਤ ਟਿਕਾਣਿਆਂ ਦੀ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (PMLA) ਦੀਆਂ ਧਾਰਾਵਾਂ ਤਹਿਤ ਤਲਾਸ਼ੀ ਲਈ ਜਾ ਰਹੀ ਹੈ।

ਈਡੀ ਨੇ ਮੁਹਾਲੀ ਅਤੇ ਪੰਜਾਬ ਵਿੱਚ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ (CLU) ਘੁਟਾਲੇ ਦੀ ਜਾਂਚ ਸ਼ੁਰੂ ਕੀਤੀ ਹੈ। ਕਰੋੜਾਂ ਰੁਪਏ ਦੀ ਇਹ ਜਾਂਚ ਕਥਿਤ ਤੌਰ ‘ਤੇ ਰੀਅਲ ਅਸਟੇਟ ਫਰਮਾਂ, ਸਿਆਸਤਦਾਨਾਂ, ਰਾਜ ਸਰਕਾਰ ਦੇ ਅਧਿਕਾਰੀਆਂ ਅਤੇ ਸੰਪਰਕ ਏਜੰਟਾਂ ਦੀ ਮਿਲੀਭੁਗਤ ਨਾਲ ਜਾਅਲੀ ਸੀਐਲਯੂ ਪ੍ਰਵਾਨਗੀਆਂ, ਰੀਅਲ ਅਸਟੇਟ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ‘ਤੇ ਕੇਂਦਰਿਤ ਹੈ।

Share: