ਨਵੀਂ ਦਿੱਲੀ: ਟੈੱਕ ਮਹਿੰਦਰਾ ਅਤੇ ਕੌਮਾਂਤਰੀ ਸ਼ਤਰੰਜ ਫੈਡਰੇਸ਼ਨ ਦੀ ਸਾਂਝੀ ਪਹਿਲ ‘ਗਲੋਬਲ ਸ਼ਤਰੰਜ ਲੀਗ’ (ਜੀ ਸੀ ਐੱਲ) ਦਾ ਚੌਥਾ ਸੀਜ਼ਨ ਭਾਰਤ ਵਿੱਚ ਕਰਵਾਇਆ ਜਾਵੇਗਾ। ਪ੍ਰਬੰਧਕਾਂ ਨੇ ਅੱਜ ਇਹ ਐਲਾਨ ਕਰਦਿਆਂ ਕਿਹਾ ਕਿ ਇਸ ਦਾ ਮਕਸਦ ਦੇਸ਼ ਵਿੱਚ ਸ਼ਤਰੰਜ ਪ੍ਰਤੀ ਵਧ ਰਹੇ ਉਤਸ਼ਾਹ ਦਾ ਲਾਭ ਉਠਾਉਣਾ ਹੈ। ਮੇਜ਼ਬਾਨ ਸ਼ਹਿਰ ਬਾਰੇ ਐਲਾਨ ਜਲਦੀ ਕੀਤਾ ਜਾਵੇਗਾ।
ਲੀਗ ਦਾ ਤੀਜਾ ਸੀਜ਼ਨ ਪਿਛਲੇ ਸਾਲ ਦਸੰਬਰ ਵਿੱਚ ਮੁੰਬਈ ’ਚ ਕਰਵਾਇਆ ਗਿਆ ਸੀ, ਜਿੱਥੇ ਐਲਪਾਈਨ ਐੱਸ ਜੀ ਪਾਈਪਰਜ਼ ਦੀ ਟੀਮ ਚੈਂਪੀਅਨ ਬਣੀ ਸੀ। ਖੇਡ ਨੂੰ ਦਰਸ਼ਕਾਂ ਲਈ ਹੋਰ ਦਿਲਚਸਪ ਬਣਾਉਣ ਲਈ ਇਸ ਵਾਰ ਰੈਪਿਡ ਫਾਰਮੈਟ ਅਤੇ ਮਿਕਸਡ ਟੀਮਾਂ ਵਰਗੇ ਬਦਲਾਅ ਕੀਤੇ ਗਏ ਹਨ। ਲੀਗ ਕਮਿਸ਼ਨਰ ਗੌਰਵ ਰਕਸ਼ਿਤ ਨੇ ਕਿਹਾ ਕਿ ਭਾਰਤੀਆਂ ਦਾ ਖੇਡਾਂ ਪ੍ਰਤੀ ਜਨੂੰਨ ਅਤੇ ਦੇਸ਼ ਦਾ ਮਾਹੌਲ ਇਸ ਟੂਰਨਾਮੈਂਟ ਲਈ ਸਭ ਤੋਂ ਢੁਕਵਾਂ ਹੈ। ਦੁਨੀਆ ਦੇ ਸਿਖਰਲੇ ਖਿਡਾਰੀ ਇਸ ਵੱਕਾਰੀ ਲੀਗ ਵਿੱਚ ਹਿੱਸਾ ਲੈਣਗੇ।

