ਕੀਨੀਆ ’ਚ ‘ਗੁੰਡਾਗਰਦੀ’ ਬਣੀ ਸਿਆਸੀ ਚੁਣੌਤੀ

ਕੀਨੀਆ ’ਚ ‘ਗੁੰਡਾਗਰਦੀ’ ਬਣੀ ਸਿਆਸੀ ਚੁਣੌਤੀ

ਨੈਰੋਬੀ: ਕੀਨੀਆ ਵਿੱਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਭਖ ਗਿਆ ਹੈ। ਮੁਲਕ ਦੀ ਸਿਆਸਤ ਵਿੱਚ ‘ਗੁੰਡਾਗਰਦੀ’ ਸ਼ਬਦ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਦੀ ਵਰਤੋਂ ਹੁਕਮਰਾਨ ਅਤੇ ਵਿਰੋਧੀ ਧਿਰਾਂ ਇੱਕ-ਦੂਜੇ ’ਤੇ ਹਿੰਸਾ ਭੜਕਾਉਣ ਦੇ ਦੋਸ਼ ਲਾਉਣ ਲਈ ਕਰ ਰਹੀਆਂ ਹਨ। ਰਾਸ਼ਟਰਪਤੀ ਵਿਲੀਅਮ ਰੂਟੋ ਦੇ ਹਮਾਇਤੀ ਇਸ ਸ਼ਬਦ ਰਾਹੀਂ ਸਿਆਸੀ ਹਿੰਸਾ ਨਾ ਸਹਿਣ ਦੀ ਗੱਲ ਆਖ ਰਹੇ ਹਨ ਜਦਕਿ ਵਿਰੋਧੀ ਧਿਰ ਦਾ ਦੋਸ਼ ਹੈ ਕਿ ਰੂਟੋ ਖ਼ੁਦ ਸੱਤਾ ’ਤੇ ਕਾਬਜ਼ ਰਹਿਣ ਲਈ ਹਮਲਾਵਰ ਅਤੇ ਗ਼ੈਰ-ਇਖ਼ਲਾਕੀ ਹੱਥਕੰਡੇ ਅਪਣਾ ਰਹੇ ਹਨ।

ਸਾਲ 2022 ਵਿੱਚ ਧਾਰਮਿਕ ਕਦਰਾਂ-ਕੀਮਤਾਂ ਅਤੇ ‘ਅੱਲ੍ਹਾ ਦਾ ਖ਼ੌਫ਼ ਖਾਣ’ ਵਾਲਾ ਮੁਲਕ ਬਣਾਉਣ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਏ ਰੂਟੋ ਹੁਣ ਆਪਣੇ ਸਖ਼ਤ ਫ਼ੈਸਲਿਆਂ ਕਾਰਨ ਆਲੋਚਕਾਂ ਦੇ ਨਿਸ਼ਾਨੇ ’ਤੇ ਹਨ। ਮੋਂਬਾਸਾ ਦੇ ਮਸ਼ਹੂਰ ਪ੍ਰਚਾਰਕ ਵਿਲਫ੍ਰੈਡ ਲਾਈ ਨੇ ‘ਗੁੰਡਾਗਰਦੀ’ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਕਿਹਾ, ‘‘ਜਿਹੜਾ ਵੀ ਗੁੰਡਿਆਂ ਰਾਹੀਂ ਦੇਸ਼ ’ਤੇ ਰਾਜ ਕਰਨਾ ਚਾਹੁੰਦਾ ਹੈ, ਉਹ ਜ਼ਰੂਰ ਡਿੱਗੇਗਾ। ਤੁਸੀਂ ਗੁੰਡਾਗਰਦੀ ਰਾਹੀਂ ਬਿਹਤਰ ਭਵਿੱਖ ਦਾ ਵਾਅਦਾ ਨਹੀਂ ਕਰ ਸਕਦੇ।’’ ਲੋਕਤੰਤਰ ਦੇ ਹਮਾਇਤੀਆਂ ਦਾ ਮੰਨਣਾ ਹੈ ਕਿ ਜੇ ਹਿੰਸਕ ਰੁਝਾਨ ਨਾ ਰੁਕਿਆ ਤਾਂ ਕੀਨੀਆ ਦੀ ਜਮਹੂਰੀਅਤ ਲਈ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ।

Share: