ਤਿੰਨ ਸੂਬਿਆਂ ਦੀ ਜਿੱਤ ਮਗਰੋਂ ਭਾਜਪਾਈ ਪੰਜਾਬ ਲਈ ਪੱਬਾਂ ਭਾਰ

ਤਿੰਨ ਸੂਬਿਆਂ ਦੀ ਜਿੱਤ ਮਗਰੋਂ ਭਾਜਪਾਈ ਪੰਜਾਬ ਲਈ ਪੱਬਾਂ ਭਾਰ

ਚੰਡੀਗਡ਼੍ਹ: ਪੰਜਾਬ ’ਚ ਹੁਣ ਇੱਕੋ ਸਵਾਲ ਉੱਠ ਰਿਹਾ ਹੈ ਕਿ ਕੀ ਪੱਛਮੀ ਬੰਗਾਲ ਚੋਣਾਂ ਦਾ ਪਰਛਾਵਾਂ ਪੰਜਾਬ ’ਤੇ ਵੀ ਪਵੇਗਾ? ਭਾਜਪਾਈ ਇਸ ਗੱਲੋਂ ਉਤਸ਼ਾਹ ’ਚ ਹਨ ਕਿ ਹੁਣ ਪੰਜਾਬ ਦੇ ਸਿਆਸੀ ਰਾਹ ਵੀ ਮੋਕਲੇ ਹੋਣਗੇ। ਦੂਜੇ ਪਾਸੇ ‘ਆਪ’ ਸਰਕਾਰ ਨੇ ਨਵੇਂ ਸਿਆਸੀ ਹੱਲਿਆਂ ਨੂੰ ਠੱਲ੍ਹਣ ਬਾਰੇ ਵਿਚਾਰ ਕਰਨੇ ਸ਼ੁਰੂ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਨਵੇਂ ਸਿਆਸੀ ਸਮੀਕਰਨਾਂ ਮਗਰੋਂ ਫਿਲਹਾਲ ਤੇਲ ਦੀ ਧਾਰ ਦੇਖਣ ਦੇ ਰੌਂਅ ’ਚ ਹੈ। ਪੰਜਾਬ ਕਾਂਗਰਸ ਪੱਛਮੀ ਬੰਗਾਲ ਨਹੀਂ, ਕੇਰਲਾ ਦੇ ਚੋਣ ਨਤੀਜੇ ’ਤੇ ਫੋਕਸ ਕਰ ਰਹੀ ਹੈ।

‘ਆਪ’ ਦੇ ਸੱਤ ਰਾਜ ਮੈਂਬਰਾਂ ਦੇ ਭਾਜਪਾ ’ਚ ਰਲੇਵੇਂ ਮਗਰੋਂ ਭਾਜਪਾ ਹੁਣ ਨਵੀਂ ਰਾਜਸੀ ਸੰਨ੍ਹ ਲਾਉਣ ਦੀ ਤਾਕ ’ਚ ਹੈ ਪਰ ‘ਆਪ’ ਨੇ ਪਹਿਲਾਂ ਹੀ ਪਹਿਰੇਦਾਰੀ ਵਧਾ ਦਿੱਤੀ ਹੈ। ਭਾਜਪਾ ਨਵੀਂ ਰਣਨੀਤੀ ਤਹਿਤ ਸੰਸਦ ਮੈਂਬਰ ਰਾਘਵ ਚੱਢਾ ਅਤੇ ਸੰਦੀਪ ਪਾਠਕ ਨੂੰ ‘ਮਿਸ਼ਨ ਪੰਜਾਬ’ ਦੀ ਤਿਆਰੀ ਲਈ ਪੰਜਾਬ ਭੇਜਣ ਦੀ ਤਿਆਰੀ ’ਚ ਹੈ। ਭਾਜਪਾ ਦੋਵੇਂ ਆਗੂਆਂ ਦੇ ਰਣਨੀਤਕ ਹੁਨਰ ਦਾ ਫਾਇਦਾ ਲੈਣਾ ਚਾਹੁੰਦੀ ਹੈ ਕਿਉਂਕਿ ਉਹ ਪੰਜਾਬ ’ਚ ਸੰਗਠਨ ਦੇ ਪਸਾਰ ਤੇ ਮਜ਼ਬੂਤੀ ਦਾ ਤਜਰਬਾ ਰੱਖਦੇ ਹਨ। ਰਾਘਵ ਅਤੇ ਪਾਠਕ ਦੀ ਜੋੜੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਜ਼ਮੀਨੀ ਪੱਧਰ ’ਤੇ ਕੰਮ ਕੀਤਾ ਸੀ। ਉਸ ਸਮੇਂ 92 ਸੀਟਾਂ ‘ਆਪ’ ਦੀ ਝੋਲੀ ਪਈਆਂ ਸਨ। ਸਿਆਸੀ ਹਲਕਿਆਂ ਮੁਤਾਬਕ ਬੰਗਾਲ ਅਤੇ ਪੰਜਾਬ ਦਾ ਸਿਆਸੀ ਸੁਭਾਅ ਅਤੇ ਪੈਟਰਨ ਇੱਕੋ ਜਿਹਾ ਹੈ ਅਤੇ ਕਦੇ ਵੀ ਦੋਵੇਂ ਸੂਬਿਆਂ ਦੀ ਕੇਂਦਰ ਨਾਲ ਦਾਲ ਨਹੀਂ ਗਲੀ ਹੈ। ਭਾਜਪਾ ਲਈ ਦਿਹਾਤੀ ਪੰਜਾਬ ਦੇ ਕਿਸਾਨ ਮਨਾਂ ’ਚ ਆਪਣੀ ਥਾਂ ਬਣਾਉਣੀ ਵੱਡੀ ਚੁਣੌਤੀ ਹੋਵੇਗੀ। ਕਿਸਾਨ ਭਾਈਚਾਰੇ ਦਾ ਰੋਹ ਮੱਠਾ ਪਾਉਣ ਲਈ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਜ਼ਖ਼ਮਾਂ ’ਤੇ ਮਲ੍ਹਮ ਲਾਉਣੀ ਹੋਵੇਗੀ।

ਸਿਆਸੀ ਵਿਸ਼ਲੇਸ਼ਕ ਆਖਦੇ ਹਨ ਕਿ ਪੰਜਾਬ ’ਚ ਭਾਜਪਾ ਨੂੰ ਆਪਣੇ ਰਵਾਇਤੀ ਪੈਂਤੜੇ ‘ਵੋਟਾਂ ਦੇ ਧਰੁਵੀਕਰਨ’ ਨੂੰ ਹਕੀਕਤ ਬਣਾਉਣ ’ਚ ਮੁਸ਼ਕਲ ਆਵੇਗੀ ਕਿਉਂਕਿ ਪੰਜਾਬ ਦੇ ਸਿੱਖਾਂ ਤੇ ਹਿੰਦੂਆਂ ਦੇ ਰਿਸ਼ਤਿਆਂ ’ਚ ਉਦਾਰਤਾ ਹੈ। ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਹੁਣ ਪੰਜਾਬ ਦੀ ਵਾਰੀ ਹੈ ਅਤੇ ਆਮ ਆਦਮੀ ਪਾਰਟੀ ਨੂੰ ਆਪਣੇ ਬੈਗ ਪੈਕ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਹਨ।

ਦੂਸਰੀ ਤਰਫ਼ ‘ਆਪ’ ਸਰਕਾਰ ਨੇ ਸੰਦੀਪ ਪਾਠਕ ’ਤੇ ਪਹਿਲਾਂ ਹੀ ਕੇਸ ਦਰਜ ਕੀਤਾ ਹੋਇਆ ਹੈ ਅਤੇ ਦੇਰ-ਸਵੇਰ ਰਾਘਵ ਚੱਢਾ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਪੰਜਾਬ ’ਚ ਦੋਵੇਂ ਬਾਗ਼ੀ ਆਗੂਆਂ ਦੇ ਰਾਹ ਰੋਕਣ ਲਈ ਆਉਂਦੇ ਦਿਨਾਂ ’ਚ ਨਵੇਂ ਪੈਂਤੜੇ ਵੀ ਬਣ ਸਕਦੇ ਹਨ। ਏਨਾ ਜ਼ਰੂਰ ਹੈ ਕਿ ਜਦੋਂ ਰਾਘਵ ਅਤੇ ਪਾਠਕ ਨੂੰ ਰਾਜ ਸਭਾ ਭੇਜਿਆ ਗਿਆ ਸੀ ਤਾਂ ਉਸ ਵਕਤ ਪੰਜਾਬੀਆਂ ਦੇ ਉਲਾਂਭੇ ਕਿਸੇ ਨੇ ਸੁਣੇ ਨਹੀਂ ਸਨ।

ਭਾਜਪਾ ਨੇ 1996 ਤੋਂ ਬਾਅਦ ਪਹਿਲੀ ਵਾਰ ਪੰਜਾਬ ’ਚ ਸਾਲ 2022 ’ਚ ਇਕੱਲੇ ਤੌਰ ’ਤੇ ਚੋਣਾਂ ਲੜੀਆਂ ਸਨ ਅਤੇ 6.6 ਫ਼ੀਸਦੀ ਵੋਟ ਹਾਸਲ ਕੀਤੇ ਸਨ। ਉਸ ਮਗਰੋਂ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਕੋਈ ਸੀਟ ਨਹੀਂ ਮਿਲੀ ਸੀ ਪ੍ਰੰਤੂ 18.56 ਫ਼ੀਸਦੀ ਵੋਟ ਜ਼ਰੂਰ ਮਿਲੇ ਸਨ ਜਦੋਂ ਕਿ 2019 ਦੀਆਂ ਲੋਕ ਸਭਾ ਚੋਣਾਂ ’ਚ 9.7 ਫ਼ੀਸਦੀ ਵੋਟ ਮਿਲੇ ਸਨ।

ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਆਖਦੇ ਹਨ ਕਿ ਪੱਛਮੀ ਬੰਗਾਲ ਸਮੇਤ ਤਿੰਨ ਸੂਬਿਆਂ ’ਚ ਭਾਜਪਾ ਦੀ ਜਿੱਤ ਦਾ ਪੰਜਾਬ ’ਤੇ ਮਨੋਵਿਗਿਆਨਕ ਤੌਰ ’ਤੇ ਤਾਂ ਅਸਰ ਪਵੇਗਾ ਪ੍ਰੰਤੂ ਇਕੱਲੇ ਤੌਰ ’ਤੇ ਵੱਡੇ ਸੁਪਨੇ ਦੇਖਣਾ ਹਾਲੇ ਦੂਰ ਦੀ ਗੱਲ ਹੈ। ਸੇਖੋਂ ਨੇ ਕਿਹਾ ਕਿ ਭਾਜਪਾ ਹੁਣ ਪੰਜਾਬ ’ਚ ਕਿਸੇ ਸਿਆਸੀ ਟੁੱਟ-ਭੱਜ ਕਰਨ ਲਈ ਪੱਬਾਂ ਭਾਰ ਨਹੀਂ ਹੋਵੇਗੀ ਬਲਕਿ ਮੌਜੂਦਾ ਸਰਕਾਰ ਨੂੰ ਮੁੱਦਿਆਂ ’ਤੇ ਘੇਰੇਗੀ। ਚੇਤੇ ਰਹੇ ਕਿ ਜਦੋਂ ਕੇਂਦਰ ਨੇ ਤਿੰਨ ਖੇਤੀ ਕਾਨੂੰਨ ਲਿਆਂਦੇ ਸਨ ਤਾਂ ਦਿੱਲੀ ਅੰਦੋਲਨ ’ਚ ਪੰਜਾਬ ਨੇ ਅਗਵਾਈ ਕੀਤੀ ਸੀ। ਪੰਜਾਬ ਦੀ ਕਿਸਾਨੀ ’ਚ ਭਾਜਪਾ ਪ੍ਰਤੀ ਹਾਲੇ ਬਹੁਤਾ ਕੋਈ ਨਰਮਗੋਸ਼ਾ ਨਹੀਂ ਹੈ। ਕਰੀਬ 700 ਕਿਸਾਨ ਉਸ ਵਕਤ ਅੰਦੋਲਨ ’ਚ ਸ਼ਹੀਦ ਹੋ ਗਏ ਸਨ। ਦੇਖਿਆ ਜਾਵੇ ਤਾਂ ਭਾਜਪਾ ਨੇ 2025 ’ਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ’ਚ ਇਕੱਲੇ ਤੌਰ ’ਤੇ ਕੁੱਲ 80 ਜ਼ੋਨਾਂ ’ਚ ਜਿੱਤ ਹਾਸਲ ਕੀਤੀ ਜਦੋਂ ਕਿ 2018 ’ਚ ਪਰਿਸ਼ਦ ਤੇ ਸਮਿਤੀ ਚੋਣਾਂ ’ਚ 65 ਜ਼ੋਨ ਜਿੱਤੇ ਸਨ। ਉਸ ਵਕਤ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਵੀ ਸੀ। ਸੂਬੇ ’ਚ ਇਸ ਵੇਲੇ ਭਾਜਪਾ ਦੇ ਦੋ ਹੀ ਵਿਧਾਇਕ ਹਨ।

ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਹੇਠਲੇ ਪੱਧਰ ਦੇ ਆਗੂ ਅਤੇ ਵਰਕਰ ਦੋਵਾਂ ਧਿਰਾਂ ਦੇ ਗੱਠਜੋੜ ਦੇ ਹਮਾਇਤੀ ਹਨ। ਬਹੁਤੇ ਸਿਆਸੀ ਚਿੰਤਕਾਂ ਦਾ ਕਹਿਣਾ ਹੈ ਕਿ ਤਿੰਨ ਸੂਬਿਆਂ ਦੀ ਚੋਣਾਂ ’ਚ ਭਾਜਪਾ ਦੀ ਜਿੱਤ ਦਾ ਪਰਛਾਵਾਂ ਪੰਜਾਬ ’ਤੇ ਜ਼ਰੂਰ ਪਵੇਗਾ ਪਰ ਇਹ ਅਸਰ ਕਿੰਨਾ ਕੁ ਵੋਟਾਂ ’ਚ ਤਬਦੀਲ ਹੁੰਦਾ ਹੈ ਇਹ ਵੱਖਰੀ ਗੱਲ ਹੈ।

ਇਹ ਚੋਣ ਨਤੀਜੇ ਬਿਰਤਾਂਤ ਸਿਰਜਣ ਲਈ ਮਦਦਗਾਰ ਹੋ ਸਕਦੇ ਹਨ ਪਰ ਪੰਜਾਬ ਦੇ ਰਾਹ ਏਨੇ ਸੁਖਾਲੇ ਨਹੀਂ ਜਾਪਦੇ ਹਨ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲਗਾਤਾਰ ਪੰਜਾਬ ’ਚ ਪੈਰ ਵਧਾ ਰਹੇ ਹਨ। ਚੋਣ ਨਤੀਜਿਆਂ ਤੋਂ ਉਤਸ਼ਾਹ ’ਚ ਆਏ ਆਗੂ ਆਖਦੇ ਹਨ ਕਿ ਪੰਜਾਬ ’ਚ ਜਲਦੀ ਡਬਲ ਇੰਜਣ ਦੀ ਸਰਕਾਰ ਬਣੇਗੀ।

Share: