West Bengal ‘ਚ BJP ਦੀ ਜਿੱਤ ‘ਤੇ ਬੋਲੇ PM Modi ; ਗੰਗੋਤਰੀ ਤੋਂ ਗੰਗਾਸਾਗਰ ਤੱਕ ਖਿੜਿਆ ‘ਕਮਲ’

West Bengal ‘ਚ BJP ਦੀ ਜਿੱਤ ‘ਤੇ ਬੋਲੇ PM Modi ; ਗੰਗੋਤਰੀ ਤੋਂ ਗੰਗਾਸਾਗਰ ਤੱਕ ਖਿੜਿਆ ‘ਕਮਲ’

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ ਵਿੱਚ ਭਾਜਪਾ ਦੀ ਇਤਿਹਾਸਕ ਜਿੱਤ ਨਾਲ ਹੁਣ ਗੰਗੋਤਰੀ ਤੋਂ ਲੈ ਕੇ ਗੰਗਾਸਾਗਰ ਤੱਕ ਕਮਲ ਖਿੜ ਰਿਹਾ ਹੈ। ਉਨ੍ਹਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਬਦਲੇ ਦੀ ਰਾਜਨੀਤੀ ਛੱਡ ਕੇ ਬਦਲਾਅ ਲਈ ਕੰਮ ਕਰਨ। ਪੱਛਮੀ ਬੰਗਾਲ, ਅਸਾਮ ਅਤੇ ਪੁਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਤੋਂ ਬਾਅਦ ਪਾਰਟੀ ਹੈੱਡਕੁਆਰਟਰ ਵਿਖੇ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਇਹ ਦਿਨ ਕਈ ਪੱਖਾਂ ਤੋਂ ਖਾਸ ਹੈ ਕਿਉਂਕਿ ਇਹ ਦੇਸ਼ ਦੇ ਬਿਹਤਰ ਭਵਿੱਖ ਦਾ ਸੰਕੇਤ ਦਿੰਦਾ ਹੈ।

ਜਿੱਤ ਦੀ ਖੁਸ਼ੀ ਮਨਾਉਣ ਮੌਕੇ, ਜਿੱਥੇ ਭਾਜਪਾ ਪ੍ਰਧਾਨ ਨਿਤਿਨ ਨਬੀਨ, ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਸਮੇਤ ਹੋਰ ਵੱਡੇ ਆਗੂ ਹਾਜ਼ਰ ਸਨ, ਉੱਥੇ ਮੋਦੀ ਨੇ ਕਿਹਾ, “ਮੈਂ ਪੱਛਮੀ ਬੰਗਾਲ, ਅਸਾਮ, ਪੁਡੂਚੇਰੀ, ਤਾਮਿਲਨਾਡੂ ਅਤੇ ਕੇਰਲ ਦੇ ਲੋਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਉਨ੍ਹਾਂ ਅੱਗੇ ਨਤਮਸਤਕ ਹੁੰਦਾ ਹਾਂ।” ਮੋਦੀ ਨੇ ਕਿਹਾ ਕਿ ਪਿਛਲੇ ਸਾਲ 14 ਨਵੰਬਰ ਨੂੰ ਜਦੋਂ ਬਿਹਾਰ ਚੋਣਾਂ ਦੇ ਨਤੀਜੇ ਆਏ ਸਨ, ਤਾਂ ਉਨ੍ਹਾਂ ਨੇ ਇਸੇ ਜਗ੍ਹਾ ਤੋਂ ਭਾਜਪਾ ਵਰਕਰਾਂ ਨੂੰ ਕਿਹਾ ਸੀ ਕਿ ਗੰਗਾ ਬਿਹਾਰ ਤੋਂ ਅੱਗੇ ਗੰਗਾ ਸਾਗਰ (ਪੱਛਮੀ ਬੰਗਾਲ) ਤੱਕ ਜਾਂਦੀ ਹੈ।

ਉਨ੍ਹਾਂ ਕਿਹਾ, “ਅੱਜ ਪੱਛਮੀ ਬੰਗਾਲ ਦੀ ਜਿੱਤ ਦੇ ਨਾਲ ਹੀ ਗੰਗੋਤਰੀ (ਉੱਤਰਾਖੰਡ) ਤੋਂ ਲੈ ਕੇ ਗੰਗਾ ਸਾਗਰ (ਪੱਛਮੀ ਬੰਗਾਲ) ਤੱਕ ਹਰ ਜਗ੍ਹਾ ਕਮਲ ਪੂਰੀ ਤਰ੍ਹਾਂ ਖਿੜ ਗਿਆ ਹੈ। ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ ਅਤੇ ਹੁਣ ਪੱਛਮੀ ਬੰਗਾਲ, ਮਾਂ ਗੰਗਾ ਦੇ ਕਿਨਾਰੇ ਵਸੇ ਇਨ੍ਹਾਂ ਸਾਰੇ ਸੂਬਿਆਂ ਵਿੱਚ ਹੁਣ ਭਾਜਪਾ-ਐੱਨ ਡੀ ਏ ਦੀਆਂ ਸਰਕਾਰਾਂ ਹਨ।”

ਮੋਦੀ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਡਰ ਦੀ ਨਹੀਂ, ਸਗੋਂ ਲੋਕਤੰਤਰ ਦੀ ਜਿੱਤ ਹੋਈ ਹੈ।

ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਬੰਗਾਲ ਵਿੱਚ ਜਿੱਤ ਗਈ ਹੈ, ਤਾਂ ਹੁਣ ‘ਬਦਲੇ’ ਦੀ ਨਹੀਂ ਸਗੋਂ ‘ਬਦਲਾਅ’ ਦੀ ਅਤੇ ‘ਭੈਅ’ (ਡਰ) ਦੀ ਨਹੀਂ ਸਗੋਂ ‘ਭਵਿੱਖ’ ਦੀ ਗੱਲ ਹੋਣੀ ਚਾਹੀਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਰ ਤੇ ਜਿੱਤ ਲੋਕਤੰਤਰ ਅਤੇ ਰਾਜਨੀਤੀ ਦਾ ਸੁਭਾਵਿਕ ਹਿੱਸਾ ਹਨ, ਪਰ ਪੰਜ ਸੂਬਿਆਂ ਦੇ ਲੋਕਾਂ ਨੇ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਇਹ ਦੇਸ਼ ਲੋਕਤੰਤਰ ਦੀ ਜਨਨੀ ਕਿਉਂ ਹੈ।

ਉਨ੍ਹਾਂ ਕਿਹਾ, “ਲੋਕਤੰਤਰ ਸਾਡੇ ਲਈ ਸਿਰਫ਼ ਇੱਕ ਪ੍ਰਣਾਲੀ ਨਹੀਂ ਹੈ, ਇਹ ਸਾਡੀਆਂ ਰਗਾਂ ਵਿੱਚ ਵਗਦੀਆਂ ਰਵਾਇਤਾਂ ਦੀ ਨਦੀ ਹੈ। ਅੱਜ ਨਾ ਸਿਰਫ਼ ਭਾਰਤ ਦੇ ਲੋਕਤੰਤਰ ਦੀ ਜਿੱਤ ਹੋਈ ਹੈ, ਸਗੋਂ ਭਾਰਤ ਦੇ ਸੰਵਿਧਾਨ ਦੀ ਵੀ ਜਿੱਤ ਹੋਈ ਹੈ। ਸਾਡੀਆਂ ਸੰਵਿਧਾਨਕ ਸੰਸਥਾਵਾਂ ਦੀ ਜਿੱਤ ਹੋਈ ਹੈ ਅਤੇ ਸਾਡੀਆਂ ਲੋਕਤੰਤਰੀ ਪ੍ਰਕਿਰਿਆਵਾਂ ਦੀ ਜਿੱਤ ਹੋਈ ਹੈ।”

ਮੋਦੀ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਲਗਪਗ 93 ਫੀਸਦੀ ਵੋਟਾਂ ਦਾ ਪੈਣਾ ਆਪਣੇ ਆਪ ਵਿੱਚ ਇਤਿਹਾਸਕ ਰਿਹਾ ਹੈ ਅਤੇ ਅਸਾਮ, ਤਾਮਿਲਨਾਡੂ, ਪੁਡੂਚੇਰੀ ਅਤੇ ਕੇਰਲ ਵਿੱਚ ਵੀ ਵੋਟਿੰਗ ਦੇ ਨਵੇਂ ਰਿਕਾਰਡ ਕਾਇਮ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਔਰਤਾਂ ਦੀ ਭਾਗੀਦਾਰੀ ਬਹੁਤ ਜ਼ਿਆਦਾ ਰਹੀ ਹੈ ਅਤੇ ਇਹ ਭਾਗੀਦਾਰੀ ਭਾਰਤੀ ਲੋਕਤੰਤਰ ਦੀ ਸਭ ਤੋਂ ਚਮਕਦਾਰ ਤਸਵੀਰ ਵਜੋਂ ਉੱਭਰ ਰਹੀ ਹੈ।

Share: