ਕੋਲਕਾਤਾ: ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਦੋ ਵਿਧਾਨ ਸਭਾ ਹਲਕਿਆਂ ਦੇ 15 ਪੋਲਿੰਗ ਬੂਥਾਂ ‘ਤੇ ਅੱਜ ਸਵੇਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁੜ ਵੋਟਿੰਗ ਸ਼ੁਰੂ ਹੋ ਗਈ। ਚੋਣ ਕਮਿਸ਼ਨ ਨੇ ਚੋਣ ਜ਼ਾਬਤੇ ਦੀ ਉਲੰਘਣਾ ਅਤੇ ਗੜਬੜੀਆਂ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਇਨ੍ਹਾਂ ਬੂਥਾਂ ’ਤੇ ਦੁਬਾਰਾ ਵੋਟਾਂ ਪਵਾਉਣ ਦੇ ਹੁਕਮ ਜਾਰੀ ਕੀਤੇ ਸਨ। ਅਧਿਕਾਰੀਆਂ ਮੁਤਾਬਕ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।
ਵੇਰਵਿਆਂ ਅਨੁਸਾਰ, ਇਹ ਮੁੜ ਵੋਟਿੰਗ ਮਗਰਾਹਾਟ ਪੱਛਮੀ ਵਿਧਾਨ ਸਭਾ ਹਲਕੇ ਦੇ 11 ਬੂਥਾਂ ਅਤੇ ਡਾਇਮੰਡ ਹਾਰਬਰ ਹਲਕੇ ਦੇ 4 ਬੂਥਾਂ ’ਤੇ ਕਰਵਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਹਲਕਿਆਂ ਵਿੱਚ ਪਹਿਲਾਂ 29 ਅਪਰੈਲ ਦੂਜੇ ਪੜਾਅ ਦੌਰਾਨ ਵੋਟਾਂ ਪਈਆਂ ਸਨ। ਚੋਣ ਕਮਿਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰਿਟਰਨਿੰਗ ਅਫਸਰਾਂ ਅਤੇ ਆਬਜ਼ਰਵਰਾਂ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਹੀ ਇਹ ਫੈਸਲਾ ਲਿਆ ਗਿਆ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਨ੍ਹਾਂ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਚੋਣ ਧਾਂਦਲੀ ਦੇ ਦੋਸ਼ ਲਾਏ ਸਨ। ਇਹ ਦੋਵੇਂ ਸੀਟਾਂ ਡਾਇਮੰਡ ਹਾਰਬਰ ਲੋਕ ਸਭਾ ਹਲਕੇ ਦੇ ਅਧੀਨ ਆਉਂਦੀਆਂ ਹਨ, ਜਿੱਥੋਂ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਸੰਸਦ ਮੈਂਬਰ ਹਨ। ਸ਼ਿਕਾਇਤਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਮਿਸ਼ਨ ਨੇ ਵਿਸ਼ੇਸ਼ ਨਿਗਰਾਨ ਸੁਬਰਤ ਗੁਪਤਾ ਨੂੰ ਜ਼ਮੀਨੀ ਹਕੀਕਤ ਦੀ ਜਾਂਚ ਲਈ ਤਾਇਨਾਤ ਕੀਤਾ ਸੀ।
ਦੂਜੇ ਪਾਸੇ, ਫਲਤਾ ਵਿਧਾਨ ਸਭਾ ਹਲਕੇ ਵਿੱਚ ਵੀ ਮੁੜ ਵੋਟਿੰਗ ਕਰਵਾਉਣ ਬਾਰੇ ਚੋਣ ਕਮਿਸ਼ਨ ਅੱਜ ਕੋਈ ਅਹਿਮ ਫੈਸਲਾ ਲੈ ਸਕਦਾ ਹੈ। ਦੱਸਣਯੋਗ ਹੈ ਕਿ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਇਸ ਵਾਰ ਦੋ ਪੜਾਵਾਂ (23 ਅਪਰੈਲ ਅਤੇ 29 ਅਪਰੈਲ) ਵਿੱਚ ਮੁਕੰਮਲ ਹੋਈਆਂ ਹਨ। ਇਨ੍ਹਾਂ ਚੋਣਾਂ ਦੇ ਨਤੀਜੇ 4 ਮਈ ਨੂੰ ਐਲਾਨੇ ਜਾਣਗੇ, ਜਿਸ ਵੱਲ ਪੂਰੇ ਦੇਸ਼ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

