ਮੈਂ ‘ਆਪ’ ਛੱਡ ਕੇ ਕਿਤੇ ਨਹੀਂ ਜਾ ਰਿਹਾ: ਸੰਜੀਵ ਅਰੋੜਾ

ਮੈਂ ‘ਆਪ’ ਛੱਡ ਕੇ ਕਿਤੇ ਨਹੀਂ ਜਾ ਰਿਹਾ: ਸੰਜੀਵ ਅਰੋੜਾ

ਚੰਡੀਗਡ਼੍ਹ: ‘ਆਪ’ ਦੇ 7 ਰਾਜ ਸਭਾ ਮੈਂਬਰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਦੇ ਵਿਧਾਇਕਾਂ ਦੇ ਵੀ ਪਲਟੀ ਮਾਰਨ ਦੀਆਂ ਚੱਲ ਰਹੀਆਂ ਚਰਚਾਵਾਂ ਵਿਚਾਲੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਭਾਜਪਾ ਵਿੱਚ ਜਾਣ ਦੀਆਂ ਅਫ਼ਵਾਹਾਂ ਰੱਦ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਉਹ ਕਿਤੇ ਨਹੀਂ ਜਾ ਰਹੇ, ਉਹ ‘ਆਪ’ ਦੇ ਨਾਲ ਹੀ ਹਨ। ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੀ ਕਾਰਵਾਈ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਉਹ ਈ ਡੀ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਕਰਨ ਲਈ ਤਿਆਰ ਹਨ।

ਜ਼ਿਕਰਯੋਗ ਹੈ ਕਿ 7 ਰਾਜ ਸਭਾ ਮੈਂਬਰਾਂ ਵੱਲੋਂ ‘ਆਪ’ ਨੂੰ ਅਲਵਿਦਾ ਕਹਿਣ ਤੋਂ ਬਾਅਦ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਬਿਨਾਂ ਕਿਸੇ ਦਾ ਨਾਮ ਲਏ ਸੋਸ਼ਲ ਮੀਡੀਆ ’ਤੇ ਕਿਹਾ ਕਿ ‘ਅਰੋੜੇ ਵੀ ਜਾ ਰਹੇ ਹਨ’। ਇਸ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਸਪੱਸ਼ਟ ਕੀਤਾ ਕਿ ਉਹ ‘ਆਪ’ ਦੇ ਨਾਲ ਹੀ ਹਨ। ਉਨ੍ਹਾਂ ਰਾਘਵ ਚੱਢਾ ਵੱਲੋਂ ਸੰਪਰਕ ਕੀਤੇ ਜਾਣ ਬਾਰੇ ਕਿਹਾ ਕਿ ਉਨ੍ਹਾਂ ਦੀ ਰਾਘਵ ਚੱਢਾ ਨਾਲ ਪਿਛਲੇ 6 ਮਹੀਨੇ ਤੋਂ ਕੋਈ ਗੱਲ ਨਹੀਂ ਹੋਈ। ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਬਾਰੇ ਉਨ੍ਹਾਂ ਕਿਹਾ ਕਿ ਉਹ ਵੀ ਕਿਤੇ ਨਹੀਂ ਗਏ। ਉਹ ਵੀ ਜਲਦੀ ਵਾਪਸ ਆ ਜਾਣਗੇ।

Share: