ਬਟਾਲਾ: ਲੀਸ ਜ਼ਿਲ੍ਹਾ ਬਟਾਲਾ ਦੇ ਥਾਣਾ ਘੁਮਾਣ ਦੇ ਖੇਤਰ ਅਧੀਨ ਪੈਂਦੇ ਪਿੰਡ ਭੋਮਾ ਵਿੱਚ ਦੋ ਮੋਟਰ ਸਾਈਕਲਾਂ ’ਤੇ ਸਵਾਰ 6 ਹਮਲਾਵਰਾਂ ਨੇ ਸੈਰ ਕਰਦੇ ਤਿੰਨ ਨੌਜਵਾਨਾਂ ’ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਘਟਨਾ ਦੇਰ ਰਾਤ 9 ਵਜੇ ਪਿੰਡ ਭੋਮਾ ਦੇ ਬਾਹਰ ਵਾਪਰੀ। ਮ੍ਰਿਤਕਾਂ ਦੀ ਪਛਾਣ ਕਸ਼ਮੀਰ ਸਿੰਘ (40) ਪੁੱਤਰ ਵੱਸਣ ਸਿੰਘ ਅਤੇ ਜੁਗਰਾਜ ਸਿੰਘ(18) ਵਾਸੀ ਭੋਮਾ ਵਜੋਂ ਹੋਈ ਹੈ।
ਜ਼ਖ਼ਮੀ ਨੌਜਵਾਨ ਦੈ ਨਾਮ ਵੀ ਜੁਗਰਾਜ ਸਿੰਘ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਘੁਮਾਣ ਦੀ ਪੁਲੀਸ ਅਤੇ ਹੋਰ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਲਾਸ਼ਾਂ ਨੂੰ ਕਬਜੇ ’ਚ ਲੈ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਬਟਾਲਾ ਡਾ . ਮਹਿਤਾਬ ਸਿੰਘ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਥਾਣਾ ਘੁਮਾਣ ਦੇ ਪਿੰਡ ਭੋਮਾ ਵਿੱਚ ਸੈਰ ਕਰ ਰਹੇ ਤਿੰਨ ਨੌਜਵਾਨਾਂ ’ਤੇ ਕੁੱਝ ਅਣਪਛਾਤੇ ਹਮਲਾਵਰਾਂ ਨੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਦੋ ਨੌਜਵਾਨਾਂ ਕਸ਼ਮੀਰ ਸਿੰਘ ਤੇ ਜੁਗਰਾਜ ਸਿੰਘਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਤੀਸਰਾ ਨੌਜਵਾਨ ਜੁਗਰਾਜ ਸਿੰਘ ਗੋਲੀਆਂ ਲੱਗਣ ਕਾਰਨ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਕੋਈ ਧਮਕੀਆਂ ਮਿਲਣ ਜਾਂ ਫਿਰੌਤੀ ਮੰਗਣ ਵਾਲੀ ਗੱਲ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਬਟਾਲਾ ਪੁਲੀਸ ਦੀਆਂ ਵੱਖ-ਵੱਖ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਅਰੰਭ ਦਿੱਤੀ ਹੈ ਤੇ ਇਲਾਕੇ ਦੇ ਸੀਸੀਟੀਵੀ ਘੰਗਾਲੇ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਤੋਂ ਜਲਦੀ ਇਸ ਕੇਸ ਨੂੰ ਟਰੇਸ ਕਰਕੇ ਮੁਲਜਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

