ਤਹਿਰਾਨ: ਚੀਨ ਨੇ ਇਰਾਨ ਤੋਂ ਕੱਚਾ ਤੇਲ ਖਰੀਦਣ ਬਦਲੇ ਆਪਣੀ ਰਿਫਾਇਨਰੀ ਉੱਤੇ ਅਮਰੀਕੀ ਪਾਬੰਦੀਆਂ ਦਾ ਵਿਰੋਧ ਕੀਤਾ ਹੈ। ਅਮਰੀਕਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਚੀਨ ਦੇ ਉੱਤਰ-ਪੂਰਬੀ ਬੰਦਰਗਾਹੀ ਸ਼ਹਿਰ ਡਾਲਿਆਨ ਵਿੱਚ ਹੈਂਗਲੀ ਪੈਟਰੋਕੈਮੀਕਲਜ਼ ਉੱਤੇ ਪਾਬੰਦੀਆਂ ਆਇਦ ਕਰੇਗਾ। ਇਹ ਉਪਾਅ ਇਰਾਨੀ ਤੇਲ ਦੀ ਢੋਆ-ਢੁਆਈ ਕਰਨ ਵਾਲੀ ਇਸ ਕੰਪਨੀ ਤੇ ਹੋਰਨਾਂ ਨੂੰ ਅਮਰੀਕੀ ਵਿੱਤੀ ਪ੍ਰਣਾਲੀ ਤੱਕ ਰਸਾਈ ਤੋਂ ਰੋਕਦਾ ਹੈ। ਹੈਂਗਲੀ ਪੈਟਰੋਕੈਮੀਕਲਜ਼ ਉਨ੍ਹਾਂ ਦਰਜਨਾਂ ਚੀਨੀ ਖਰੀਦਦਾਰਾਂ ’ਚ ਸ਼ਾਮਲ ਹੈ ਜੋ ਇਰਾਨ ਤੋਂ ਤੇਲ ਖਰੀਦਦੇ ਹਨ। ਚੀਨ ਕੁਲ ਮਿਲਾ ਕੇ ਇਰਾਨ ਦਾ ਸਭ ਤੋਂ ਵੱਡਾ ਤੇਲ ਖਰੀਦਦਾਰ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿਨ ਜਿਆਨ ਨੇ ਕਿਹਾ, ‘‘ਚੀਨ ਨੇ ਗ਼ੈਰ-ਕਾਨੂੰਨੀ ਇਕਪਾਸੜ ਪਾਬੰਦੀਆਂ ਦਾ ਹਮੇਸ਼ਾ ਵਿਰੋਧ ਕੀਤਾ ਹੈ ਜਿਨ੍ਹਾਂ ਦਾ ਕੌਮਾਂਤਰੀ ਕਾਨੂੰਨ ’ਚ ਕੋਈ ਆਧਾਰ ਨਹੀਂ ਹੈ ਅਤੇ ਅਮਰੀਕਾ ਨੂੰ ਅਪੀਲ ਕਰਦਾ ਹੈ ਕਿ ਉਹ ਪਾਬੰਦੀਆਂ ਦੀ ਦੁਰਵਰਤੋਂ ਤੇ ਦੂਰਗਾਮੀ ਅਧਿਕਾਰ ਖੇਤਰ ਦੀ ਵਰਤੋਂ ਕਰਨ ਸਬੰਧੀ ਆਪਣੀਆਂ ਗ਼ਲਤ ਰਵਾਇਤਾਂ ਨੂੰ ਬੰਦ ਕਰੇ।’’
ਖੋਜ ਨਿਵੇਸ਼ ’ਚ ਚੀਨ ਨੇ ਅਮਰੀਕਾ ਦੀ ਬਰਾਬਰੀ ਕੀਤੀ
ਕੋਲੰਬਸ: ਵਿਗਿਆਨ ਦੇ ਖੇਤਰ ਵਿੱਚ ਚੀਨ ਦੀ ਤੇਜ਼ੀ ਨਾਲ ਹੋਈ ਤਰੱਕੀ ਨੇ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਮਾਰਚ 2026 ਦੀ ਓ ਈ ਸੀ ਡੀ ਦੀ ਰਿਪੋਰਟ ਅਨੁਸਾਰ ਖੋਜ ਅਤੇ ਵਿਕਾਸ ਵਿੱਚ ਚੀਨ ਦਾ ਨਿਵੇਸ਼ ਹੁਣ ਅਮਰੀਕਾ ਦੇ ਬਰਾਬਰ ਪਹੁੰਚ ਗਿਆ ਹੈ ਅਤੇ ਖਰੀਦ ਸ਼ਕਤੀ ਦੇ ਮਾਮਲੇ ਵਿੱਚ ਅਮਰੀਕਾ ਤੋਂ ਵੀ ਅੱਗੇ ਨਿਕਲ ਗਿਆ ਹੈ। ਦੋਵੇਂ ਦੇਸ਼ ਹੁਣ ਖੋਜ ’ਤੇ ਇੱਕ ਖਰਬ ਅਮਰੀਕੀ ਡਾਲਰ ਤੋਂ ਵੱਧ ਖਰਚ ਕਰ ਰਹੇ ਹਨ। ਪਿਛਲੇ 80 ਸਾਲਾਂ ਤੋਂ ਅਮਰੀਕਾ ਵਿਗਿਆਨਕ ਖੋਜਾਂ ਜਿਵੇਂ ਇੰਟਰਨੈੱਟ, ਸੈਮੀਕੰਡਕਟਰ ਅਤੇ ਐੱਮ ਆਰ ਐੱਨ ਏ ਵੈਕਸੀਨ ਵਿੱਚ ਮੋਹਰੀ ਰਿਹਾ ਹੈ ਪਰ ਚੀਨ ਜੋ 1980 ਵਿੱਚ ਸਭ ਤੋਂ ਘੱਟ ਖਰਚ ਕਰਨ ਵਾਲੇ ਦੇਸ਼ਾਂ ਵਿੱਚ ਸੀ, ਨੇ ਹੁਣ ਅਮਰੀਕਾ ਦਾ ਦਬਦਬਾ ਖ਼ਤਮ ਕਰ ਦਿੱਤਾ ਹੈ।

