ਬੈਰੂਤ: ਹਿਜ਼ਬੁੱਲਾ ਮੁਖੀ ਨਈਮ ਕਾਸਿਮ ਨੇ ਦੁਹਰਾਇਆ ਕਿ ਉਹ ਇਜ਼ਰਾਈਲ ਨਾਲ ਕਿਸੇ ਵੀ ਤਰ੍ਹਾਂ ਦੀ ਸਿੱਧੀ ਵਾਰਤਾ ਨਹੀਂ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਇਜ਼ਰਾਇਲੀ ਹਮਲਿਆਂ ਦਾ ਲਗਾਤਾਰ ਮੋੜਵਾਂ ਜਵਾਬ ਦਿੱਤਾ ਜਾ ਰਿਹਾ ਹੈ। ਸਿੱਧੀ ਵਾਰਤਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ ਅਤੇ ਉਹ ਹਥਿਆਰ ਨਹੀਂ ਸੁੱਟਣਗੇ।
‘ਅਲ ਜਜ਼ੀਰਾ’ ਮੁਤਾਬਕ ਕਾਸਿਮ ਨੇ ਲੈਬਨਾਨ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਰਾਹਤ ਲੈਣ ਲਈ ਇਜ਼ਰਾਈਲ ਨਾਲ ਸਮਝੌਤਾ ਕਰਨ ਲਈ ਪਹੁੰਚ ਗਏ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਿੱਧੀ ਵਾਰਤਾ ਕਰਨ ਦੀ ਬਜਾਏ ਅਸਿੱਧੇ ਢੰਗ ਨਾਲ ਗੱਲਬਾਤ ਦਾ ਰਾਹ ਅਪਣਾਉਣ। ਇਸ ਦੌਰਾਨ ਇਜ਼ਰਾਈਲ ਡਿਫੈਂਸ ਫੋਰਸਿਸ (ਆਈ ਡੀ ਐੱਫ) ਨੇ ਕਿਹਾ ਕਿ ਉਨ੍ਹਾਂ ਦੇ ਜਵਾਨਾਂ ਨੇ ਐਤਵਾਰ ਨੂੰ ਦੱਖਣੀ ਲੈਬਨਾਨ ’ਚ ਕੁਝ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਕ ਬਿਆਨ ’ਚ ਉਨ੍ਹਾਂ ਕਿਹਾ ਕਿ ਤਿੰਨ ਦਹਿਸ਼ਤਗਰਦ ਇਲਾਕੇ ’ਚ ਜਵਾਨਾਂ ਨੂੰ ਨੁਕਸਾਨ ਪਹੁੰਚਾ ਸਕਦੇ ਸਨ ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਲੱਭ ਕੇ ਖ਼ਤਮ ਕਰ ਦਿੱਤਾ ਗਿਆ। ਆਈ ਡੀ ਐੱਫ ਨੇ ਕਿਹਾ ਕਿ ਹਿਜ਼ਬੁੱਲਾ ਦੇ ਕਈ ਟਿਕਾਣਿਆਂ ’ਤੇ ਵੀ ਹਮਲੇ ਕੀਤੇ ਗਏ ਜਿਸ ਕਾਰਨ ਕਈ ਥਾਵਾਂ ’ਤੇ ਧਮਾਕੇ ਸੁਣੇ ਗਏ। ਉਧਰ, ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਹਿਜ਼ਬੁੱਲਾ ਲੈਬਨਾਨ ’ਚ ਜੰਗਬੰਦੀ ਦੀ ਪਾਲਣਾ ਨਹੀਂ ਕਰ ਰਿਹਾ ਹੈ ਅਤੇ ਚਿਤਾਵਨੀ ਦਿੱਤੀ ਕਿ ਉਹ ਪੂਰੀ ਤਾਕਤ ਨਾਲ ਕਿਸੇ ਵੀ ਕਾਰਵਾਈ ਦਾ ਜਵਾਬ ਦੇਣਗੇ ਅਤੇ ਆਪਣੀ ਉੱਤਰੀ ਸਰਹੱਦ ’ਤੇ ਸੁਰੱਖਿਆ ਯਕੀਨੀ ਬਣਾਉਣਗੇ।

