IPL 2026: Kolkata Knight Riders ਨੇ ਸੁਪਰ ਓਵਰ ਵਿੱਚ ਲਖਨਊ ਸੁਪਰ ਜਾਇੰਟਸ ਨੂੰ ਹਰਾਇਆ

IPL 2026: Kolkata Knight Riders ਨੇ ਸੁਪਰ ਓਵਰ ਵਿੱਚ ਲਖਨਊ ਸੁਪਰ ਜਾਇੰਟਸ ਨੂੰ ਹਰਾਇਆ

ਲਖਨਊ: ਕੋਲਕਾਤਾ ਨਾਈਟ ਰਾਈਡਰਜ਼ ਨੇ ਅੱਜ ਲਖਨਊ ਵਿੱਚ ਖੇਡੇ ਗਏ ਆਈ.ਪੀ.ਐੱਲ. ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੂੰ ਸੁਪਰ ਓਵਰ ਵਿੱਚ ਹਰਾ ਦਿੱਤਾ। ਇਸ ਮੈਚ ਵਿਚ ਰਿੰਕੂ ਸਿੰਘ ਦੇ ਤੂਫ਼ਾਨੀ ਅਰਧ ਸੈਂਕੜੇ ਅਤੇ ਵੈਭਵ ਅਰੋੜਾ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਜਿੱਤ ਹਾਸਲ ਕੀਤੀ। ਸੁਪਰ ਓਵਰ ਵਿੱਚ ਨਾਈਟ ਰਾਈਡਰਜ਼ ਦੇ ਸੁਨੀਲ ਨਾਰਾਇਣ ਨੇ ਪਹਿਲੀ ਹੀ ਗੇਂਦ ’ਤੇ ਨਿਕੋਲਸ ਪੂਰਨ ਨੂੰ ਬੋਲਡ ਕਰ ਦਿੱਤਾ। ਅਗਲੀ ਗੇਂਦ ‘ਤੇ ਕਪਤਾਨ ਰਿਸ਼ਭ ਪੰਤ ਨੇ ਇੱਕ ਦੌੜ ਬਣਾਈ ਪਰ ਤੀਜੀ ਗੇਂਦ ‘ਤੇ ਰਿੰਕੂ ਸਿੰਘ ਨੇ ਏਡਨ ਮਾਰਕਰਮ ਦਾ ਕੈਚ ਫੜ ਲਿਆ। ਨਾਈਟ ਰਾਈਡਰਜ਼ ਨੂੰ ਜਿੱਤ ਲਈ ਸਿਰਫ਼ 2 ਦੌੜਾਂ ਦਾ ਟੀਚਾ ਮਿਲਿਆ ਤੇ ਰਿੰਕੂ ਸਿੰਘ ਨੇ ਪ੍ਰਿੰਸ ਯਾਦਵ ਦੀ ਪਹਿਲੀ ਹੀ ਗੇਂਦ ‘ਤੇ ਚੌਕਾ ਜੜ ਕੇ ਮੈਚ ਜਿੱਤ ਲਿਆ। ਇਸ ਜਿੱਤ ਨਾਲ ਕੇ.ਕੇ.ਆਰ. 5 ਅੰਕਾਂ ਨਾਲ ਅੱਠਵੇਂ ਸਥਾਨ ‘ਤੇ ਪਹੁੰਚ ਗਈ ਹੈ, ਜਦਕਿ ਲਖਨਊ ਦੀ ਟੀਮ 4 ਅੰਕਾਂ ਨਾਲ ਆਖਰੀ ਸਥਾਨ ‘ਤੇ ਖਿਸਕ ਗਈ ਹੈ।

156 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਲਖਨਊ ਸੁਪਰ ਜਾਇੰਟਸ ਨੇ ਕਪਤਾਨ ਰਿਸ਼ਭ ਪੰਤ (42 ਦੌੜਾਂ) ਅਤੇ ਏਡਨ ਮਾਰਕਰਮ (31 ਦੌੜਾਂ) ਦੀਆਂ ਪਾਰੀਆਂ ਸਦਕਾ 8 ਵਿਕਟਾਂ ‘ਤੇ 155 ਦੌੜਾਂ ਬਣਾਈਆਂ, ਜਿਸ ਕਾਰਨ ਮੈਚ ਬਰਾਬਰੀ (ਟਾਈ) ‘ਤੇ ਖ਼ਤਮ ਹੋਇਆ। ਕੇ.ਕੇ.ਆਰ. ਵੱਲੋਂ ਵੈਭਵ ਅਰੋੜਾ ਅਤੇ ਵਰੁਣ ਚੱਕਰਵਰਤੀ ਨੇ 2-2 ਵਿਕਟਾਂ ਹਾਸਲ ਕੀਤੀਆਂ। ਲਖਨਊ ਦੀ ਸ਼ੁਰੂਆਤ ਖ਼ਰਾਬ ਰਹੀ ਸੀ ਅਤੇ ਮਿਸ਼ੇਲ ਮਾਰਸ਼ ਸਿਰਫ਼ 2 ਦੌੜਾਂ ਬਣਾ ਕੇ ਆਊਟ ਹੋ ਗਏ। ਪੰਤ ਨੇ 38 ਗੇਂਦਾਂ ਵਿੱਚ 4 ਚੌਕੇ ਅਤੇ 1 ਛੱਕਾ ਲਗਾਇਆ। ਅੰਤ ਵਿੱਚ ਮੁਹੰਮਦ ਸ਼ਮੀ ਨੇ ਆਖਰੀ ਗੇਂਦ ‘ਤੇ ਛੱਕਾ ਮਾਰ ਕੇ ਮੈਚ ਨੂੰ ਸੁਪਰ ਓਵਰ ਤੱਕ ਪਹੁੰਚਾਇਆ।

ਇਸ ਤੋਂ ਪਹਿਲਾਂ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਕੇ.ਕੇ.ਆਰ. ਦੀ ਹਾਲਤ ਬਹੁਤ ਖ਼ਰਾਬ ਸੀ ਅਤੇ ਉਨ੍ਹਾਂ ਨੇ 31 ਦੌੜਾਂ ‘ਤੇ ਹੀ 4 ਵਿਕਟਾਂ ਗੁਆ ਦਿੱਤੀਆਂ ਸਨ। ਰਿੰਕੂ ਸਿੰਘ ਨੇ ਆਪਣੇ ਕਰੀਅਰ ਦੀ ਸਭ ਤੋਂ ਵਧੀਆ ਪਾਰੀ ਖੇਡਦਿਆਂ 51 ਗੇਂਦਾਂ ਵਿੱਚ ਅਜੇਤੂ 83 ਦੌੜਾਂ ਬਣਾਈਆਂ, ਜਿਸ ਵਿੱਚ 5 ਛੱਕੇ ਅਤੇ 7 ਚੌਕੇ ਸ਼ਾਮਲ ਸਨ। ਉਸ ਨੇ ਕੈਮਰੂਨ ਗ੍ਰੀਨ (34 ਦੌੜਾਂ) ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ। ਰਿੰਕੂ ਨੇ ਪਾਰੀ ਦੇ ਆਖਰੀ ਓਵਰ ਵਿੱਚ ਲਗਾਤਾਰ 4 ਛੱਕੇ ਜੜ ਕੇ ਟੀਮ ਦਾ ਸਕੋਰ 155/7 ਤੱਕ ਪਹੁੰਚਾਇਆ।

ਲਖਨਊ ਦੇ ਗੇਂਦਬਾਜ਼ ਮੋਹਸਿਨ ਖਾਨ ਨੇ ਆਪਣੀ ਜ਼ਿੰਦਗੀ ਦੀ ਸਰਵੋਤਮ ਗੇਂਦਬਾਜ਼ੀ ਕਰਦਿਆਂ ਸਿਰਫ਼ 23 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਉਸ ਨੇ ਕੇ.ਕੇ.ਆਰ. ਦੇ ਉਪਰਲੇ ਕ੍ਰਮ ਨੂੰ ਚੱਲਣ ਨਾ ਦਿੱਤਾ। ਮੋਹਸਿਨ ਨੇ ਟਿਮ ਸੀਫਰਟ, ਅਜਿੰਕਿਆ ਰਹਾਣੇ, ਰੋਵਮੈਨ ਪਾਵੇਲ, ਕੈਮਰੂਨ ਗ੍ਰੀਨ ਅਤੇ ਅਨੁਕੂਲ ਰਾਏ ਨੂੰ ਆਊਟ ਕੀਤਾ। ਸਪਿਨਰ ਜਾਰਜ ਨੇ ਵੀ 18 ਦੌੜਾਂ ਦੇ ਕੇ ਇੱਕ ਵਿਕਟ ਝਟਕਾਈ। ਹਾਲਾਂਕਿ, ਮੋਹਸਿਨ ਦੀ ਇਸ ਮਿਹਨਤ ਦੇ ਬਾਵਜੂਦ ਲਖਨਊ ਦੀ ਟੀਮ ਸੁਪਰ ਓਵਰ ਵਿੱਚ ਹਾਰ ਗਈ।

Share: