‘ਆਪ’ ਦੇ ‘ਰੰਗ’ ’ਚ ਭਾਜਪਾ ਨੇ ਪਾਈ ‘ਭੰਗ’

‘ਆਪ’ ਦੇ ‘ਰੰਗ’ ’ਚ ਭਾਜਪਾ ਨੇ ਪਾਈ ‘ਭੰਗ’

ਚੰਡੀਗੜ੍ਹ: ਪੰਜਾਬ ਦੀ ਸਿਆਸਤ ਨੂੰ ਹੁਣ ਨਵਾਂ ਸਿਆਸੀ ਮੋੜਾ ਮਿਲ ਸਕਦਾ ਹੈ। ਅੱਜ ‘ਆਪ’ ਦੇ ਸੱਤ ਸੰਸਦ ਮੈਂਬਰਾਂ ਨੇ ਪਾਰਟੀ ਨਾਲੋਂ ਤੋੜ ਵਿਛੋੜਾ ਕਰ ਲਿਆ ਹੈ, ਜਿਸ ਕਰਕੇ ‘ਆਪ’ ਲਈ ਹੁਣ ਭਵਿੱਖ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗਾ। ‘ਆਪ’ ਦੇ ਸੰਸਦ ਮੈਂਬਰਾਂ ’ਚ ਲੱਗੀ ਸਿਆਸੀ ਸੰਨ੍ਹ ਤੋਂ ਜਾਪਦਾ ਹੈ ਕਿ ਪੱਛਮੀ ਬੰਗਾਲ ਤੋਂ ਬਾਅਦ ਹੁਣ ਸਿਆਸੀ ਅਖਾੜੇ ਦਾ ਕੇਂਦਰ ਪੰਜਾਬ ਬਣੇਗਾ। ਹਾਲਾਂਕਿ ਪੰਜਾਬ ਚੋਣਾਂ ਦੂਰ ਹਨ ਪ੍ਰੰਤੂ ਸਿਆਸੀ ਭੰਨ-ਤੋੜ ਤੋਂ ਅਗੇਤੀ ਸ਼ੁਰੂਆਤ ਦਾ ਮੁੱਢ ਬੱਝ ਗਿਆ ਹੈ। ‘ਆਪ’ ਨੂੰ ਹੁਣ ਭਗਵਾ ਪਾਰਟੀ ਤੋਂ ਆਪਣੇ ਵਿਧਾਇਕਾਂ ਨੂੰ ਬਚਾਅ ਕੇ ਰੱਖਣ ਲਈ ਯਤਨ ਕਰਨੇ ਪੈਣਗੇ। ਪੰਜਾਬ ਦੇ ਚੇਤੰਨ ਹਲਕੇ ਮਹਿਸੂਸ ਕਰਦੇ ਹਨ ਕਿ ‘ਆਪ’ ਦੀ ਪੰਜਾਬ ਲੀਡਰਸ਼ਿਪ ਨੂੰ ਹੁਣ ਸਿਆਸੀ ਪਿੜ ’ਚ ਵਿਚਰਨ ਦਾ ਖੁੱਲ੍ਹਾ ਮੌਕਾ ਮਿਲ ਸਕਦਾ ਹੈ। ਇਨ੍ਹਾਂ ਹਾਲਾਤ ’ਚ ‘ਆਪ’ ਲੀਡਰਸ਼ਿਪ ਨੂੰ ਵਿਧਾਇਕਾਂ ਅਤੇ ਸੀਨੀਅਰ ਆਗੂਆਂ ਪ੍ਰਤੀ ਨਰਮਗੋਸ਼ਾ ਰੱਖਣਾ ਮਜਬੂਰੀ ਬਣ ਜਾਣਾ ਹੈ। ਵਿਧਾਇਕਾਂ ਦੀ ਹੁਣ ਵੁੱਕਤ ਵਧੇਗੀ ਅਤੇ ਸਿਆਸੀ ਮਾਹੌਲ ’ਚ ਹੁਣ ਮੋਹ ਦੀਆਂ ਤੰਦਾਂ ਵੀ ਮਜ਼ਬੂਤ ਹੋ ਸਕਦੀਆਂ ਹੈ। ਸਿਆਸੀ ਹਲਕੇ ਉਸ ਕੜੀ ਨੂੰ ਤਲਾਸ਼ ਰਹੇ ਹਨ ਜਿਸ ਦੀ ਕਮੀ ਵਜੋਂ ਪਾਰਟੀ ਨੂੰ ਛੱਡਣ ਵਾਲੇ ਨੇਤਾਵਾਂ ’ਚ ਬੇਗਾਨਗੀ ਦਾ ਅਹਿਸਾਸ ਭਾਰੂ ਹੁੰਦਾ ਹੈ।

‘ਆਪ’ ਵੱਲੋਂ ਜਿਨ੍ਹਾਂ ਆਗੂਆਂ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਸੀ, ਉਹੀ ਆਗੂ ਪਾਰਟੀ ਛੱਡਣ ਮਗਰੋਂ ਪਾਰਟੀ ਦੇ ਵੱਡੇ ਦੁਸ਼ਮਣ ਬਣ ਖੜ੍ਹੇ ਹੋਏ। ਸਿਆਸੀ ਵਿਸ਼ਲੇਸ਼ਕ ਦਾ ਕਹਿਣਾ ਸੀ ਕਿ ਅਸਲ ਵਿੱਚ ਪਾਰਟੀ ਦੇ ਅੰਦਰ ਅਪਣੱਤ ਵਾਲੇ ਮਾਹੌਲ ਦੀ ਕਮੀ ਰਹੀ ਹੈ। ਸਾਂਝ ਵਾਲੀ ਤੰਦ ਦੀ ਕਮੀ ‘ਆਪ’ ਆਗੂਆਂ ’ਚ ਰੜਕਦੀ ਰਹਿੰਦੀ ਹੈ। ਉਨ੍ਹਾਂ ਕਿੰਨੀਆਂ ਹੀ ਮਿਸਾਲਾਂ ਦਿੱਤੀਆਂ ਕਿ ਪਾਰਟੀ ਨੇ ਜਿਸ ਵੱਡੇ ਆਗੂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ, ਉਹੀ ਪਾਰਟੀ ਦਾ ਦੁਸ਼ਮਣ ਬਣ ਕੇ ਨਿੱਤਰਿਆ। ਉਨ੍ਹਾਂ ਕਿਹਾ ਕਿ ਪਾਰਟੀ ਦਾ ਸੁਭਾਅ ਆਗੂਆਂ ਵਿਚਾਲੇ ਮੋਹ ਮੁਹੱਬਤ ਵਾਲਾ ਰਿਸ਼ਤਾ ਸਿਰਜਣ ’ਚ ਅੜਿੱਕਾ ਬਣ ਜਾਂਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੱਤ ਆਗੂਆਂ ਦੇ ਚਲੇ ਜਾਣ ਦਾ ਆਉਣ ਵਾਲੀਆਂ ਚੋਣਾਂ ’ਤੇ ਕੋਈ ਅਸਰ ਨਹੀਂ ਪਵੇਗਾ। ਦੇਖਿਆ ਜਾਵੇ ਤਾਂ ਅੱਜ ਭਾਜਪਾ ’ਚ ਸੰਸਦ ਮੈਂਬਰਾਂ ਦੀ ਸ਼ਮੂਲੀਅਤ ਮਗਰੋਂ ‘ਆਪ’ ਦਾ ਹੱਲਾ ਆਉਂਦੇ ਦਿਨਾਂ ’ਚ ਭਾਜਪਾ ’ਤੇ ਵਧੇਗਾ ਜਦੋਂ ਕਿ ਪਹਿਲਾਂ ਮੁੱਖ ਮੰਤਰੀ ਰੈਲੀਆਂ ’ਚ ਸਿਆਸੀ ਨਿਸ਼ਾਨੇ ’ਤੇ ਸ਼੍ਰੋਮਣੀ ਅਕਾਲੀ ਦਲ ਨੂੰ ਰੱਖਦੇ ਰਹੇ ਹਨ। ਕਾਂਗਰਸ ਪਾਰਟੀ ਇਸ ਗੱਲੋਂ ਆਸਵੰਦ ਹੋਈ ਹੈ ਕਿ ਉਨ੍ਹਾਂ ਦੀ ਮੁੱਖ ਵਿਰੋਧੀ ਧਿਰ ‘ਆਪ’ ਵੀ ਅੰਦਰੂਨੀ ਕਲੇਸ਼ ’ਚ ਉਲਝੀ ਹੈ। ਆਉਂਦੇ ਦਿਨਾਂ ’ਚ ਪਾਰਟੀ ਛੱਡ ਕੇ ਗਏ ਸੰਸਦ ਮੈਂਬਰਾਂ ਨਾਲ ਵੀ ‘ਆਪ’ ਆਗੂਆਂ ਦੀ ਸਿਆਸੀ ਕੁਸ਼ਤੀ ਚੱਲਦੀ ਰਹੇਗੀ। ਹਾਲੇ ਵਿਸਾਖੀ ਤੋਂ ਹੀ ‘ਆਪ’ ਸਰਕਾਰ ਨੇ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਸੀ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਦੀ ਰਜਿਸਟ੍ਰੇਸ਼ਨ ’ਤੇ ਫੋਕਸ ਕੀਤਾ ਜਾ ਰਿਹਾ ਸੀ। ਭਾਜਪਾ ਨੇ ਅੰਦਰੂਨੀ ਅਪਰੇਸ਼ਨ ਚਲਾ ਕੇ ‘ਆਪ’ ਸਰਕਾਰ ਦੇ ਰੰਗ ’ਚ ਭੰਗ ਪਾ ਦਿੱਤੀ। ‘ਆਪ’ ਸਰਕਾਰ ਦਾ ਜੋ ਫੋਕਸ ਹੁਣ ਤੱਕ ਪ੍ਰਾਪਤੀਆਂ ਦੇ ਪ੍ਰਚਾਰ ’ਤੇ ਸੀ, ਉਹ ਊਰਜਾ ਹੁਣ ਭਾਜਪਾ ਨਾਲ ਨਜਿੱਠਣ ’ਤੇ ਵੀ ਲੱਗੇਗੀ। ਸਿਆਸੀ ਟੁੱਟ-ਭੱਜ ਦੌਰਾਨ ਭਾਜਪਾ ਵੱਲੋਂ ਨਵੇਂ ਸਿਰਜੇ ਜਾ ਰਹੇ ਮਾਹੌਲ ਦਾ ਨੌਕਰਸ਼ਾਹੀ ’ਤੇ ਵੀ ਅਸਰ ਪਵੇਗਾ। ਕੇਂਦਰੀ ਸੰਘੀ ਏਜੰਸੀਆਂ ਨੇ ਪਹਿਲਾਂ ਅਸ਼ੋਕ ਮਿੱਤਲ ਅਤੇ ਫਿਰ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਪੱਛਮੀ ਬੰਗਾਲ ਚੋਣਾਂ ਦੇ ਨਤੀਜਿਆਂ ਦਾ ਅਸਰ ਵੀ ਪੰਜਾਬ ’ਤੇ ਪਵੇਗਾ। ਭਾਜਪਾ ਦੀ ਰਣਨੀਤੀ ਬੰਗਾਲ ਚੋਣਾਂ ਦੇ ਨਤੀਜਿਆਂ ਦੇ ਮੱਦੇਨਜ਼ਰ ਹੀ ਤਿਆਰ ਹੋਵੇਗੀ। ਭਾਜਪਾ ਦੀ ਸਿਆਸੀ ਚਾਲ ਮਗਰੋਂ ਹੁਣ ਵਿਰੋਧੀ ਧਿਰਾਂ ਨੂੰ ‘ਆਪ’ ’ਤੇ ਸਿਆਸੀ ਹੱਲੇ ਬੋਲਣ ਦਾ ਹੋਰ ਮੌਕਾ ਮਿਲ ਜਾਵੇਗਾ। ਇਹ ਟੁੱਟ ਭੱਜ ਕਿੰਨਾ ਕੁ ਅਸਰ ਪਾਵੇਗੀ, ਇਹ ਭਵਿੱਖ ਦੇ ਹੱਥ ’ਚ ਹੈ।

Share: